- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੇਟ ਲਿਫਟਿੰਗ ਦੇ ਸੀਨੀਅਰ ਕੌਚ ਹਰਜੀਤ ਸਿੰਘ ਦੀ ਸੇਵਾ ਮੁਕਤੀ ਉਪਰੰਤ ਸਨਮਾਨ

ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਪਿਛਲੇ ਦਿਨੀਂ ਰੇਲ ਕੋਚ ਫੈਕਟਰੀ ਦੇ ਖੇਡ ਵਿੰਗ ਦੇ ਵੇਟ ਲਿਫਟਿੰਗ ਦੇ ਸੀਨੀਅਰ ਕੋਚ ਹਰਜੀਤ ਸਿੰਘ ਦੀ ਸੇਵਾ ਮੁਕਤੀ ਉਪਰੰਤ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਮੀ ਪੱਧਰ ਦੇ ਰੇਲਵੇ ਕੋਚ ਸੁਨੀਲ ਕੁਮਾਰ ਨੇ ਕਿਹਾ ਕਿ ਰੇਲ ਕੋਚ ਫੈਕਟਰੀ ’ਚ ਵੇਟ ਲਿਫਟਿੰਗ ਖੇਡ ਨੂੰ ਸਥਾਪਿਤ ਕਰਨ ਲਈ ਹਰਜੀਤ ਸਿੰਘ ਨੂੰ ਪਹਿਲੇ ਮੀਲ ਪੱਥਰ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਆਪਣੀਆਂ ਸਮਰਪਿਤ ਸੇਵਾਵਾਂ ਸਦਕਾ ਆਰਸੀਐੱਫ ਨੂੰ ਭਾਰਤੀ ਰੇਲਵੇ ਵਿੱਚ ਮਾਣਯੋਗ ਸਥਾਨ ਦਿਵਾਇਆ। ਰੇਲਵੇ ਦੀ ਵੇਟਲਿਫਟਰ ਰੈਨੂ ਬਾਲਾ ਅਰਜੁਨਾ ਐਵਾਰਡੀ ਨੇ ਕਿਹਾ ਕਿ ਸਾਡੇ ਵਰਗੀਆਂ ਮਹਿਲਾਵਾਂ ਇਸ ਖੇਡ ਵਿਚ ਆਪਣਾ ਨਾਮਣਾ ਖੱਟਣ ਲਈ ਇਸੇ ਕਰਕੇ ਹੀ ਸਫ਼ਲ ਹੋਈਆਂ ਹਾਂ, ਕਿਉਂਕਿ ਸਾਡੇ ਸਿਰ ਉੱਤੇ ਹਰਜੀਤ ਸਿੰਘ ਦਾ ਹੱਥ ਰਿਹਾ ਹੈ। ਭਾਰਤੀ ਰੇਲਵੇ ਦੀ ਵੇਟ ਲਿਫਟਿੰਗ ਖੇਡ ਦੇ ਕੋਚ ਕੇ ਜਗਦੀਸ਼ਨ, ਸੰਜੇ ਕੁਮਾਰ ਤੇ ਮੋਨਿਕਾ ਦਲਾਲ ਨੇ ਕਿਹਾ ਕਿ ਆਪਣੇ ਉੱਚੇ ਕਿਰਦਾਰ ਤੇ ਮਿਲਵਰਤਣੀ ਸੁਭਾਅ ਸਦਕਾ ਹਰਜੀਤ ਸਿੰਘ ਨੂੰ ਸਤਿਕਾਰਤ ਭਾਜੀ ਵਜੋਂ ਜਾਣਿਆ ਤੇ ਬੁਲਾਇਆ ਜਾਂਦਾ ਹੈ। ਕੌਮਾਂਤਰੀ ਕਬੱਡੀ ਖਿਡਾਰੀ ਦੇਵ ਖੈੜਾ ਨੇ ਕਿਹਾ ਕਿ ਭਾਜੀ ਹਰਜੀਤ ਸਿੰਘ ਦੀ ਯੋਗ ਅਗਵਾਈ ਸਦਕਾ ਹੀ ਸਾਡੇ ਭਾਰਤ ਤੋਲਕਾਂ ਦੀ ਟੀਮ ਨੂੰ ਮਾਣ ਸਤਿਕਾਰ ਮਿਲਿਆ ਹੈ। ਦੱਸਣਯੋਗ ਹੈ ਕਿ ਗੁਰਦੀਪ ਸਿੰਘ, ਪਾਵਰ ਲਿਫਟਰ ਵਰੁਣ ਚੌਧਰੀ ਤੇ ਬੀਬਾ ਬਾਣੀ ਵਰਗੇ ਭਾਰ ਤੋਲਕ ਆਰਸੀਐੱਫ ਦੇ ਚੰਗੇ ਖੇਡ ਮਾਹੌਲ ਸਦਕਾ ਹੀ ਅੱਜ ਕੌਮਾਂਤਰੀ ਪੱਧਰ ’ਤੇ ਚਨੌਤੀ ਬਣ ਰਹੇ ਹਨ। ਇਸ ਸਨਮਾਨ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਪਹੁੰਚੀਆਂ ਖਿਡਾਰੀਆਂ ਤੇ ਖਿਡਾਰਨਾਂ ਕੋਚ ਹਰਜੀਤ ਸਿੰਘ ਦੀ ਬੇਦਾਗ਼ ਸੇਵਾਵਾਂ ਨੂੰ ਮਾਣ ਦਿੰਦਿਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।