ਸੁਲਤਾਨਪੁਰ ਲੋਧੀ ’ਚ ਚੋਰਾਂ ਦੀ ਦਹਿਸ਼ਤ; ਇੱਕੋ ਮੋਟਰ ’ਤੇ ਦੋ ਵਾਰ ਚੋਰੀ ਸੁਲਤਾਨਪੁਰ ਲੋਧੀ ’ਚ ਚੋਰਾਂ ਦੀ ਦਹਿਸ਼ਤ—ਇੱਕੋ ਮੋਟਰ ’ਤੇ ਦੋ ਵਾਰ ਚੋਰੀ
Publish Date: Wed, 30 Sep 2026 07:22 PM (IST)
Updated Date: Wed, 30 Sep 2026 07:24 PM (IST)
ਜਨਰੇਟਰ, ਮੋਟਰ, ਤਾਰਾਂ ਤੇ ਬਚਿਆ ਸਾਮਾਨ ਵੀ ਲੈ ਗਏ ਚੋਰ; ਪੀੜਤ ਵੱਲੋਂ ਪੁਲਿਸ ਚੌਕੀ ਮੋਠਾਂਵਾਲ ’ਚ ਦਿੱਤੀ ਦਰਖਾਸਤ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਡਡਵਿੰਡੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਲੜੀ ਤਹਿਤ ਪਿੰਡ ਭੋਰ ਵਿੱਚ ਚੋਰਾਂ ਨੇ ਇੱਕ ਹੀ ਕਿਸਾਨ ਦੀ ਖੇਤ ਵਾਲੀ ਮੋਟਰ ਨੂੰ ਨਿਸ਼ਾਨਾ ਬਣਾਉਂਦਿਆਂ ਇੱਕੋ ਮੋਟਰ ’ਤੇ ਦੋ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਭੋਰ ਜਦੋਂ ਸਵੇਰੇ ਆਪਣੇ ਖੇਤ ਵਿੱਚ ਪਹੁੰਚਿਆ ਤਾਂ ਉਸ ਨੂੰ ਮੋਟਰ ’ਤੇ ਚੋਰੀ ਹੋਣ ਦਾ ਪਤਾ ਲੱਗਿਆ। ਦੱਸਿਆ ਗਿਆ ਕਿ ਚੋਰ ਪਹਿਲਾਂ ਜਨਰੇਟਰ ਚੋਰੀ ਕਰਕੇ ਲੈ ਗਏ ਅਤੇ ਇਸ ਤੋਂ ਬਾਅਦ ਜਨਰੇਟਰ ਦੀ ਮੋਟਰ ਖੋਲ੍ਹ ਕੇ ਉਸ ਨਾਲ ਜੁੜੀਆਂ ਸਾਰੀਆਂ ਤਾਰਾਂ ਵੀ ਚੋਰੀ ਕਰ ਲਈਆਂ ਗਈਆਂ ਹਨ। ਪੀੜਤ ਵੱਲੋਂ ਦੁਪਹਿਰ ਤੋਂ ਬਾਅਦ ਪੁਲਿਸ ਚੌਕੀ ਮੋਠਾਂਵਾਲ ’ਚ ਦਰਖਾਸਤ ਦੇ ਕੇ ਘਟਨਾ ਦੀ ਜਾਣਕਾਰੀ ਦਿੱਤੀ ਗਈ। ਪਰ ਪੀੜਤ ਦਾ ਦੋਸ਼ ਹੈ ਕਿ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਨਹੀਂ ਕੀਤੀ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਪਹਿਲੀ ਚੋਰੀ ਤੋਂ ਬਾਅਦ ਉਸੇ ਰਾਤ ਚੋਰ ਮੁੜ ਉਸੇ ਮੋਟਰ ’ਤੇ ਆ ਪਹੁੰਚੇ। ਚੋਰਾਂ ਨੇ ਮੋਟਰ ਦਾ ਜਿੰਦਰਾ ਤੋੜ ਕੇ ਅੰਦਰ ਪਿਆ ਬਚਿਆ ਹੋਇਆ ਸਾਮਾਨ ਵੀ ਚੋਰੀ ਕਰ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇੱਕੋ ਮੋਟਰ ’ਤੇ ਦੋ ਵਾਰ ਚੋਰੀ ਦੀ ਘਟਨਾ ਨੇ ਖੇਤਾਂ ਵਿੱਚ ਸਥਿਤ ਮੋਟਰਾਂ ਦੀ ਸੁਰੱਖਿਆ ਅਤੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਕੀਈ ਸਵਾਲ ਖੜ੍ਹੇ ਕਰ ਦਿੱਤੇ ਗਏ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪਹਿਲੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾਂਦੀ ਤਾਂ ਸ਼ਾਇਦ ਚੋਰਾਂ ਨੂੰ ਮੁੜ ਵਾਰਦਾਤ ਕਰਨ ਦਾ ਮੌਕਾ ਹੀ ਨਾ ਮਿਲਦਾ। ਇਸ ਸਬੰਧੀ ਜਦੋਂ ਚੌਕੀ ਇੰਚਾਰਜ ਮੋਠਾਂਵਾਲ ਐੱਸਆਈ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀਆਂ ਡਿਊਟੀਆਂ ਕੁਝ ਸੁਲਤਾਨਪੁਰ ਲੋਧੀ ਲੱਗੀਆਂ ਹੋਈਆਂ ਸੀ ਤੇ ਕੁਝ ਬਾਹਰ ਲੱਗੀਆਂ ਹੋਈਆਂ ਸੀ ਨਫਰੀ ਘੱਟ ਹੋਣ ਕਰਕੇ ਮੌਕੇ ਤੇ ਨਹੀਂ ਜਾਇਆ ਜਾ ਸਕਿਆ ਪਰ ਸਾਡੇ ਮੁਲਾਜ਼ਮ ਸਵੇਰੇ ਗਏ ਹਨ ਅਤੇ ਉਹ ਜਾ ਕੇ ਜਾਂਚ ਕਰਨਗੇ ਅਤੇ ਜਲਦੀ ਹੀ ਚੋਰਾਂ ਨੂੰ ਟਰੇਸ ਕਰਕੇ ਪਕੜ ਕੇ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੁਲਤਾਨਪੁਰ ਲੋਧੀ ਦੇ ਡਡਵਿੰਡੀ ਇਲਾਕੇ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ ਅਤੇ ਇਲਾਕਾ ਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਚੋਰਾਂ ਨੂੰ ਕਾਬੂ ਕੀਤਾ ਜਾਵੇ ਅਤੇ ਖੇਤਾਂ ਵਿੱਚ ਸਥਿਤ ਮੋਟਰਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕੇ ਜਾਣ।