ਮਹੇੜੂ ਪਿੰਡ ’ਚ ਸੱਪਾਂ ਦਾ ਖ਼ੌਫ ਮਹੇੜੂ ਪਿੰਡ ਵਿੱਚ ਬਣਿਆ ਜਾਨਲੇਵਾ ਸੱਪਾਂ ਦਾ ਖੌਫ
Publish Date: Mon, 17 Aug 2026 08:49 PM (IST)
Updated Date: Mon, 17 Aug 2026 08:51 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਪਿਛਲੇ ਥੋੜੇ ਸਮੇਂ ਤੋਂ ਜਿੱਥੇ ਫਗਵਾੜਾ ਦੇ ਕੁਝ ਪਿੰਡਾਂ ਵਿੱਚ ਜੰਗਲੀ ਜਾਨਵਰਾਂ ਦੀ ਆਮਦ ਤੇਜ਼ੀ ਨਾਲ ਵਧਦੀ ਦਿਖਾਈ ਦਿੱਤੀ, ਉੱਥੇ ਫਗਵਾੜਾ ਲਾਗਲੇ ਪਿੰਡ ਮਹੇੜੂ ਵਿੱਚ ਇਨ੍ਹੀਂ ਦਿਨੀਂ ਜ਼ਹਿਰੀਲੇ ਸੱਪਾਂ ਦੇ ਵਧ ਰਹੇ ਖ਼ੌਫ ਨੇ ਪਿੰਡ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪਿੰਡ ਦੀਆਂ ਕਈ ਢਹਿ-ਢੇਰੀ ਇਮਾਰਤਾਂ, ਖਾਲੀ ਪਏ ਪੁਰਾਣੇ ਘਰਾਂ ਤੇ ਘਾਹ-ਫੂਸ ਵਾਲੀਆਂ ਥਾਵਾਂ ਵਿੱਚ ਸੱਪ ਨਜ਼ਰ ਆਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤੇ ਤਾਜ਼ਾ ਮਿਸਾਲ ਹਾਲ ਹੀ ਵਿੱਚ ਇਸ ਪਿੰਡ ਅੰਦਰ ਇੱਕ ਸੁੱਤੇ ਪਏ ਚਾਰ ਸਾਲ ਦੇ ਬੱਚੇ ਨੂੰ ਕਿਸੇ ਜ਼ਹਿਰੀਲੇ ਸੱਪ ਵੱਲੋਂ ਕੱਟੇ ਜਾਣ ਤੇ ਉਸ ਦੀ ਮੌਤ ਹੋ ਜਾਣਾ ਵੀ ਹੈ,ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਿੱਚ ਜ਼ਹਿਰੀਲੇ ਸੱਪਾਂ ਦੀ ਵਧਦੀ ਗਿਣਤੀ ਬਾਬਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਪੁਰਾਣੇ ਤੇ ਲੰਬੇ ਸਮੇਂ ਤੋਂ ਬੰਦ ਪਏ ਘਰਾਂ ਦੀ ਸਫ਼ਾਈ ਨਾ ਹੋਣ ਕਾਰਨ ਇਨ੍ਹਾਂ ਥਾਵਾਂ ’ਤੇ ਝਾੜੀਆਂ ਤੇ ਘਾਹ-ਫੂਸ ਵਧ ਗਿਆ ਹੈ, ਜਿਨ੍ਹਾਂ ਨੂੰ ਜ਼ਹਿਰੀਲੇ ਸੱਪਾਂ ਨੇ ਆਪਣਾ ਰਹਿਣ ਬਸੇਰਾ ਬਣਾਇਆ ਹੋਇਆ ਹੈ। ਖਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਬਾਹਰ ਨਿਕਲਣ ਦੀਆਂ ਘਟਨਾਵਾਂ ਵਧਣ ਕਾਰਨ ਲੋਕਾਂ ਨੂੰ ਆਪਣੇ ਬੱਚਿਆਂ ਤੇ ਪਸ਼ੂਆਂ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਅਜਿਹੀਆਂ ਢਹਿ-ਢੇਰੀ ਇਮਾਰਤਾਂ ਤੇ ਖਾਲੀ ਪਏ ਪੁਰਾਣੇ ਘਰਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਸਫ਼ਾਈ ਕਰਵਾਈ ਜਾਵੇ। ਨਾਲ ਹੀ ਜਿੱਥੇ ਇਮਾਰਤਾਂ ਜਾਨਲੇਵਾ ਹਾਲਤ ਵਿੱਚ ਹਨ, ਉੱਥੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਪਿੰਡ ਵਾਸੀਆਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਘਰ ਜਾਂ ਆਲੇ-ਦੁਆਲੇ ਸੱਪ ਨਜ਼ਰ ਆਵੇ ਤਾਂ ਉਸਨੂੰ ਖੁਦ ਫੜਨ ਜਾਂ ਮਾਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਸਗੋਂ ਮਾਹਿਰ ਸੱਪ-ਰੈਸਕਿਊ ਟੀਮ ਜਾਂ ਸਬੰਧਤ ਅਧਿਕਾਰੀਆਂ ਦੀ ਮੱਦਦ ਲਈ ਜਾਵੇ। ਮਹੇੜੂ ਵਾਸੀਆਂ ਦੀ ਮੰਗ ਹੈ ਕਿ ਸੱਪਾਂ ਦੇ ਵਧ ਰਹੇ ਖੌਫ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਦੀਆਂ ਖਾਲੀ ਤੇ ਢਹਿ-ਢੇਰੀ ਇਮਾਰਤਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਿਰਫ ਇਹ ਇੱਕੋ ਪਿੰਡ ਹੀ ਨਹੀਂ ਸਗੋਂ ਫਗਵਾੜਾ ਇਲਾਕੇ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਪਿੰਡ ਹਨ, ਜਿੱਥੇ ਸੱਪਾਂ ਦੀ ਆਮਦ ਕਾਫੀ ਜ਼ਿਆਦਾ ਹੈ ਕਈ ਵਾਰ ਜ਼ਹਿਰੀਲੇ ਸੱਪਾਂ ਦੇ ਡੱਸਣ ਨਾਲ ਲੋਕਾਂ ਤੇ ਬੇਜੁਬਾਨ ਪਸ਼ੂਆਂ ਦੀ ਜਾਨ ਤੱਕ ਚਲੇ ਜਾਣ ਦੇ ਵੀ ਮਾਮਲੇ ਸਾਹਮਣੇ ਆਏ ਹਨ।