ਟਰੱਕ ਤੇ ਮੋਟਰ ਸਾਈਕਲ ਦੀ ਟੱਕਰ ’ਚ ਪਿਉ-ਪੁੱਤ ਦੀ ਮੌਤ ਅਠੋਲਾ ਨੇੜੇ ਟਰੱਕ ਤੇ ਮੋਟਰ ਸਾਈਕਲ ਦੀ ਭਿਆਨਕ ਟੱਕਰ, ਪਿਉ-ਪੁੱਤ ਦੀ ਮੌਤ
Publish Date: Mon, 21 Sep 2026 09:30 PM (IST)
Updated Date: Mon, 21 Sep 2026 09:32 PM (IST)
--ਪੰਜ ਸਾਲਾ ਲਵਕੁਸ਼ ਨੇ ਮੌਕੇ ’ਤੇ ਤੋੜਿਆ ਦਮ, ਮਾਂ ਗੰਭੀਰ ਜ਼ਖ਼ਮੀ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ-ਜਲੰਧਰ ਰੋਡ ’ਤੇ ਪਿੰਡ ਅਠੋਲਾ ਨੇੜੇ ਦੇਰ ਰਾਤ ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਣ ਕਾਰਨ ਦਰਦਨਾਕ ਸੜਕ ਹਾਦਸਾ ਵਾਪਰਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਤ ਹੋ ਗਈ, ਜਦਕਿ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜ਼ਖ਼ਮੀ ਮਹਿਲਾ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਜਾਣਕਾਰੀ ਅਨੁਸਾਰ ਗੌਰੀ ਪਤਨੀ ਕੈਲਾਸ਼, ਵਾਸੀ ਬਿਹਾਰ, ਹਾਲ ਵਾਸੀ ਪਿੰਡ ਅਠੋਲਾ, ਆਪਣੇ ਪਤੀ ਕੈਲਾਸ਼ (40) ਤੇ ਪੰਜ ਸਾਲਾ ਪੁੱਤਰ ਲਵਕੁਸ਼ ਨਾਲ ਮੋਟਰਸਾਈਕਲ ’ਤੇ ਕਪੂਰਥਲਾ ਤੋਂ ਪਿੰਡ ਅਠੋਲਾ ਵੱਲ ਜਾ ਰਹੀ ਸੀ। ਜਦੋਂ ਉਹ ਪਿੰਡ ਨੇੜੇ ਜਲੰਧਰ ਰੋਡ ’ਤੇ ਪਹੁੰਚੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੀ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪੰਜ ਸਾਲਾ ਲਵਕੁਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੈਲਾਸ਼ ਤੇ ਉਸ ਦੀ ਪਤਨੀ ਗੌਰੀ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਡਿਊਟੀ ’ਤੇ ਤਾਇਨਾਤ ਡਾ. ਜਸ਼ਨ ਨੇ ਜਾਂਚ ਉਪਰੰਤ ਕੈਲਾਸ਼ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੌਰੀ ਦਾ ਇਲਾਜ ਜਾਰੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੀਸੀਆਰ ਟੀਮ ਵੀ ਸਿਵਲ ਹਸਪਤਾਲ ਕਪੂਰਥਲਾ ਪਹੁੰਚੀ। ਪੀਸੀਆਰ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਸਬੰਧੀ ਜਲੰਧਰ ਨਾਲ ਸਬੰਧਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਕੈਲਾਸ਼ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ।