- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਨੇ ਬਿਜਲੀ ਦੀ ਮੰਗ ਨੂੰ ਲੈ ਕੇ ਐੱਸਸੀ ਦਫਤਰ ਅੱਗੇ ਲਗਾਇਆ ਧਰਨਾ

ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਦਲਬੀਰ ਸਿੰਘ ਨਾਨਕਪੁਰ ਜ਼ਿਲਾ ਕਾਰਜਕਾਰੀ ਪ੍ਰਧਾਨ ਕਪੂਰਥਲਾ ਦੀ ਅਗਵਾਈ ਹੇਠ ਰੋਸ ਧਰਨਾ ਐੱਸਈ ਦਫਤਰ ਪਾਵਰਕਾਮ ਕਪੂਰਥਲਾ ਵਿਖੇ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਇਲਾਕੇ ਦੇ ਕਿਸਾਨ ਹਾਜ਼ਰ ਹੋਏ। ਇਸ ਮੌਕੇ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਫਸਲ ਕਿਸਾਨਾਂ ਵੱਲੋਂ ਮਿਹਨਤ ਨਾਲ ਪਾਲੀ ਗਈ ਹੈ। ਉਸ ਨੂੰ ਨਿਸਾਰੇ ਦੇ ਟਾਈਮ ਉੱਪਰ ਪੂਰਾ ਪਾਣੀ ਨਹੀਂ ਮਿਲ ਰਿਹਾ, ਜਿਸ ਨਾਲ ਦਾਣਿਆਂ ਵਿੱਚ ਫੋਕ ਪੈਣ ਦਾ ਖਤਰਾ ਬਣ ਗਿਆ ਹੈ ਤੇ ਕਿਸਾਨ ਨੂੰ ਆਰਥਿਕ ਮਾਰ ਪਵੇਗੀ ਤੇ ਪਾਣੀ ਨਾ ਮਿਲਣ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਗਿਣੀ-ਮਿਥੀ ਸਾਜਿਸ਼ ਅਧੀਨ ਕਾਰਪੋਰੇਟ ਘਰਾਣਿਆਂ ਦੀ ਹੱਥ ਠੋਕਾ ਬਣੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਸੱਟ ਮਾਰਨ ਲਈ ਪਿਛਲੇ ਲਗਭਗ 20 ਦਿਨਾਂ ਤੋਂ ਬਿਜਲੀ ਟੁੱਟਵੀ ਦਿੱਤੀ ਜਾ ਰਹੀ ਹੈ, ਜਿਸ ਨਾਲ ਇਕ ਘੰਟਾ ਚਲਕੇ ਦੋ ਘੰਟੇ ਬੰਦ, ਫੇਰ ਚਲਕੇ, ਫੇਰ ਬੰਦ ਹੋਣ ਨਾਲ ਖੇਤ ਵਿਚ ਓਨਾ ਹੀ ਪਾਣੀ ਸੁੱਕ ਜਾਂਦਾ ਹੈ ਤੇ ਖੇਤ ਪੂਰਾ ਸਿਰੇ ਨਹੀਂ ਲਗਦਾ। ਮਹਿੰਗੇ ਰੇਟ ਦਾ ਡੀਜ਼ਲ ਫੂਕ ਕੇ ਕਿਸਾਨ ਕਿੰਨਾ ਕੁ ਝੋਨਾ ਬਚਾ ਸਕਦਾ? ਝੋਨਾ ਬਿਜਾਈ ਸਮੇਂ ਵੀ ਬਿਜਲੀ ਦੀ ਵੱਡੀ ਘਾਟ ਆਈ ਸੀ ਤੇ ਧਰਨੇ ਪ੍ਰਦਰਸ਼ਨ ਹੋਏ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਮੋਟਰਾਂ ਲਈ ਨਿਰਵਿਘਨ 8 ਘੰਟੇ ਦਿਨ ਸਮੇਂ ਸਪਲਾਈ ਦਿੱਤੀ ਜਾਵੇਗੀ। ਜਦ ਐਨ ਮੌਕੇ ਉੱਪਰ ਪਾਣੀ ਦੀ ਲੋੜ ਹੈ ਤਾਂ ਪਾਵਰਕਾਮ ਵੱਲੋਂ ਬੇਲੋੜੇ ਕੱਟ ਲਗਾ ਕੇ ਦੇ ਤਿੰਨ ਘੰਟੇ ਬਿਜਲੀ ਸਪਲਾਈ ਕਿਸਾਨ ਨੂੰ ਦਿੱਤੀ ਜਾਂਦੀ ਹੈ, ਜਿਸ ਨਾਲ ਵੱਡੀ ਪੱਧਰ ਉੱਪਰ ਝੋਨੇ ਨੂੰ ਸੋਕਾ ਲੱਗ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਝੋਨੇ ਦਾ ਝਾੜ ਘਟਣ ਕਾਰਨ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਆਵੇਗੀ। ਉਹ ਆਪਣੀਆਂ ਬੈਂਕਾਂ ਦੀਆ ਲਿਮਟਾਂ ਦੇਣ ਤੋਂ ਵੀ ਅਸਮਰੱਥ ਹੋ ਜਾਣਗੇ ਤੇ ਅਗਲੀ ਫਸਲ ਬੀਜਣ ਦੇ ਖਰਚੇ ਤੋਂ ਵੀ ਵਾਂਝੇ ਹੋ ਜਾਣਗੇ। ਪੰਜਾਬ ਸਰਕਾਰ ਵੱਲੋਂ ਵੀ ਸਥਿਤੀ ਕੋਈ ਸਪਸ਼ਟ ਨਹੀਂ ਕੀਤੀ। ਨਾਨਕਪੁਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਤਾਂ ਕਿਸਾਨਾਂ ਦੀਆਂ ਮੋਟਰਾਂ ਲਈ ਬਿਜਲੀ ਦੀ ਮੰਗ 12 ਘੰਟੇ ਕੀਤੀ ਜਾਂਦੀ ਹੈ ਪਰ ਸਰਕਾਰਾਂ ਆਪਣੇ ਵੱਲੋਂ ਹੀ ਐਲਾਨੀ ਅੱਠ ਘੰਟੇ ਬਿਜਲੀ ਜ਼ਰੂਰ ਮੁਹੱਈਆ ਕਰਾਵੇ। ਜੇਕਰ ਮੋਟਰਾਂ ਦੀ ਬਿਜਲੀ ਵਿੱਚ ਸੁਧਾਰ ਨਾ ਹੋਇਆ ਤੇ ਜਥੇਬੰਦੀ ਵੱਲੋਂ ਦਫਤਰ ਮੂਹਰੇ ਸੜਕ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਲਿੰਦਰ ਸਿੰਘ ਬਰਿੰਦਪੁਰ, ਰੇਸ਼ਮ ਸਿੰਘ ਬਰਿੰਦਪੁਰ, ਨੌਨਿਹਾਲ ਸਿੰਘ ਬਰਿੰਦਪੁਰ, ਵਰਿੰਦਰ ਸਿੰਘ ਭਗਤਪੁਰ, ਜਸਕੀਰਤ ਸਿੰਘ ਭਗਤਪੁਰ, ਸੁਖਦੇਵ ਸਿੰਘ ਭਗਤਪੁਰ, ਗਰੀਬ ਸਿੰਘ ਸੰਧਰ ਜਗੀਰ, ਟਹਿਲ ਸਿੰਘ, ਬਖਸ਼ੀਸ਼ ਸਿੰਘ, ਚੈਚਲ ਸਿੰਘ ਨਾਨਕਪੁਰ, ਬਾਬਾ ਸੁਖਵੀਰ ਸਿੰਘ, ਕੁਲਵਿੰਦਰ ਸਿੰਘ, ਹਰਬੰਸ ਸਿੰਘ, ਤਰਸੇਮ ਸਿੰਘ, ਸੋਹਣ ਸਿੰਘ, ਜਗੀਰ ਸਿੰਘ, ਯਾਦਵਿੰਦਰ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ, ਮਲਕੀਤ ਸਿੰਘ, ਜੋਗਾ ਸਿੰਘ, ਨਿਰਮਲ ਸਿੰਘ, ਲਖਵੀਰ ਸਿੰਘ, ਗੁਰਵਿੰਦਰ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਤਲਵਿੰਦਰ ਸਿੰਘ, ਅਮਰੀਕ ਘੱਗ ਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।