ਬਦਲਦੇ ਮੌਸਮ ਦੌਰਾਨ ਫ਼ਸਲਾਂ ਨੂੰ ਹਲਕਾ ਪਾਣੀ ਲਾਉਣ ਕਿਸਾਨ : ਡਾ. ਬਲਕਾਰ ਸਿੰਘ
ਬਦਲਦੇ ਮੌਸਮ ਦੇ ਚਲਦਿਆਂ ਫ਼ਸਲਾਂ ਨੂੰ ਹਲਕਾ ਪਾਣੀ ਲਾਉਣ ਕਿਸਾਨ : ਡਾ ਬਲਕਾਰ ਸਿੰਘ
Publish Date: Mon, 23 Feb 2026 07:12 PM (IST)
Updated Date: Mon, 23 Feb 2026 07:16 PM (IST)

ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਬਲਕਾਰ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੌਸਮ ਖੁੱਲ੍ਹਣ ਨਾਲ ਦਿਨ ਵੇਲੇ ਵੱਧ ਤਾਪਮਾਨ ਫ਼ਸਲਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਸਮੇਂ ਕਣਕ ਤੇ ਸਰ੍ਹੋਂ ਦੀ ਫ਼ਸਲ ਦਾਣੇ ਭਰਨ ਦੀ ਅਵਸਥਾ ਵਿਚ ਹੈ, ਜੋ ਕਿ ਵੱਧ ਗਰਮੀ ’ਚ ਬਹੁਤ ਹੀ ਸੰਵੇਦਨਸ਼ੀਲ ਹੈ। ਗਰਮੀ ਜ਼ਿਆਦਾ ਹੋਣ ਕਾਰਨ ਫ਼ਸਲ ਜਲਦੀ ਪੱਕ ਜਾਂਦੀ ਹੈ ਤੇ ਦਾਣੇ ਸੁੰਗੜ ਜਾਂਦੇ ਹਨ, ਜਿਸ ਨਾਲ ਝਾੜ ਤੇ ਗੁਣਵੱਤਾ ਤੇ ਅਸਰ ਪੈਂਦਾ ਹੈ। ਗਰਮੀ ਦਾ ਪ੍ਰਭਾਵ ਘਟਾਉਣ ਲਈ ਕਿਸਾਨ ਫ਼ਸਲ ਨੂੰ ਹਲਕਾ ਪਾਣੀ ਲਾਉਣ। ਉਨ੍ਹਾਂ ਦਸਿਆ ਕਿ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਨੂੰ ਮੀਂਹ ਤੇ ਹਨੇਰੀ ਦਾ ਧਿਆਨ ਰੱਖ ਕੇ ਮਾਰਚ ਦੇ ਆਖੀਰ ਤੱਕ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ ਜਦਕਿ ਪਛੇਤੀ ਬਿਜਾਈ ਵਿਚ 10 ਅਪ੍ਰੈਲ ਤੱਕ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਤਿੰਨ ਫ਼ਸਲਾਂ ਲੈਣ ਵਾਲੇ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਇਸ ਵਾਰ ਮੱਕੀ ਦੀ ਬਜਾਏ ਪਛੇਤੀ ਕਣਕ ਦੀ ਬਿਜਾਈ ਨੂੰ ਤਰਜੀਹ ਦਿੱਤੀ ਗਈ ਹੈ। ਪਛੇਤੀ ਕਣਕ ਵਿਚ ਤਾਪਮਾਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਿਸਾਨ 10 ਅਪ੍ਰੈਲ ਤੱਕ ਪਾਣੀ ਦਿੰਦੇ ਰਹਿਣ ਤੋਂ ਇਲਾਵਾ ਪਛੇਤੀ ਕਣਕ ਉੱਪਰ ਪੋਟਾਸ਼ੀਅਮ ਨਾਇਟ੍ਰੇਟ (13:0:45) 2 ਕਿੱਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਕ ਸਪਰੇਅ ਗੋਭ ਭਰਨ ਤੇ ਇਕ ਸਪਰੇਅ ਨਿਸਾਰੇ ਸਮੇਂ ਕਰਨ ਨਾਲ ਤਾਪਮਾਨ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ।