ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਉਣ ਕਿਸਾਨ : ਇੰਸ. ਸੁਖਜੀਤ ਸਿੰਘ ਪਰਾਲੀ ਦੀ ਨਾੜ ਨੂੰ ਕਿਸਾਨ ਅੱਗ ਨਾ ਲਗਾਉਣ - ਇੰਸ. ਸੁਖਜੀਤ ਸਿੰਘ
Publish Date: Mon, 28 Sep 2026 07:21 PM (IST)
Updated Date: Mon, 28 Sep 2026 07:24 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਝੋਨੇ ਦੀ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਮਾਨਯੋਗ ਡਿਪਟੀ ਕਮਿਸ਼ਨਰ, ਕਪੂਰਥਲਾ ਤੇ ਡਾ. ਜਗਜੀਤ ਸਿੰਘ ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਕਪੂਰਥਲਾ ਤੇ ਕੁਲਦੀਪ ਸਿੰਘ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਗਵਾੜਾ ਦੇ ਆਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਸੁਖਜੀਤ ਸਿੰਘ ਡਿੰਪੀ ਇੰਸਪੈਕਟਰ ਸਹਿਕਾਰੀ ਸਭਾਵਾਂ ਵੱਲੋਂ ਦਸਿਆ ਗਿਆ ਕਿ ਫਗਵਾੜਾ ਅਧੀਨ ਪੈਂਦੇ ਪਿੰਡਾਂ ਵਿੱਚ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਝੋਨੇ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਤ ਹੁੰਦਾ ਹੈ, ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਨੂੰ ਸਬਸਿਡੀ ਅਧੀਨ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਦੀ ਵਰਤੋਂ ਕਿਸਾਨ ਵੀਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਪਾਸ ਬੇਲਰ, ਟਰੈਕਟਰ, ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਰੋਟਾਵੇਟਰ, ਪਲਟਾਵੇਂ ਹੱਲ ਆਦਿ ਖੇਤੀਬਾੜੀ ਸੰਦ ਮੌਜੂਦ ਹਨ। ਕੋਈ ਵੀ ਕਿਸਾਨ ਵੀਰ ਆਪਣੀ ਨੇੜਲੀ ਸਭਾ ਪਾਸੋਂ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਸੰਦ ਲੈ ਸਕਦਾ ਹੈ। ਜੇਕਰ ਕਿਸੇ ਵੀ ਕਿਸਾਨ ਨੂੰ ਖੇਤੀਬਾੜੀ ਸੰਦ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਸਭਾ ਦੇ ਸਕੱਤਰ ਜਾਂ ਪ੍ਰਧਾਨ ਸਭਾ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਲਗਾਏ ਜਾ ਰਹੇ ਜਾਗਰੂਕਤਾ ਕੈਂਪਾਂ ਦੌਰਾਨ ਬਹੁਤਾਤ ਕਿਸਾਨ ਵੀਰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਪ੍ਰਣ ਕਰ ਰਹੇ ਹਨ ਤੇ ਸਹਿਕਾਰਤਾ ਵਿਭਾਗ ਵੱਲੋਂ ਇਹ ਜਾਗਰੂਕਤਾ ਕੈਂਪ ਲਗਾਤਾਰ ਜਾਰੀ ਰਹਿਣਗੇ। ਇਨ੍ਹਾਂ ਜਾਗਰੂਕਤਾ ਕੈਂਪਾਂ ਦੀ ਲਗਾਤਾਰਤਾ ਵਿੱਚ ਕੱਲ ਮਿਤੀ 30.09.2026 ਨੂੰ ਦੀ ਭਾਣੌਕੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਰਵਿਸ ਸਭਾ ਲਿਮ. ਵਿੱਚ ਸਵੇਰੇ 10.00 ਵਜੇ ਜਾਗਰੂਕਤਾ ਕੈਂਪ ਤੇ ਸਭਾ ਦਾ ਮੁਨਾਫਾ ਵੰਡ ਸਮਾਰੋਹ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇਲਾਕੇ ਦੇ ਕਿਸਾਨ ਵੀਰਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਜਾਂਦੀ ਹੈ।