ਚੰਡੀਗੜ੍ਹ ’ਚ ਕਿਸਾਨੀ ਹੱਕਾਂ ਦੀ ਗੂੰਜ, ਇਕ ਤੋਂ 7 ਸਤੰਬਰ ਤੱਕ ਏਅਰਪੋਰਟ ਰੋਡ ’ਤੇ ਵੱਡਾ ਮੋਰਚਾ ਚੰਡੀਗੜ੍ਹ ’ਚ ਕਿਸਾਨੀ ਹੱਕਾਂ ਦੀ ਗੂੰਜ, 1 ਤੋਂ 7 ਸਤੰਬਰ ਤੱਕ ਏਅਰਪੋਰਟ ਰੋਡ ’ਤੇ ਵੱਡਾ ਮੋਰਚਾ
Publish Date: Wed, 26 Aug 2026 07:48 PM (IST)
Updated Date: Wed, 26 Aug 2026 07:49 PM (IST)
ਜ਼ਿਲ੍ਹਾ ਕਪੂਰਥਲਾ ਤੋਂ 3 ਸਤੰਬਰ ਨੂੰ ਵੱਡਾ ਜਥਾ ਹੋਵੇਗਾ ਰਵਾਨਾ : ਰਾਣਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਦੀਆਂ ਭਖਦੀਆਂ ਮੰਗਾਂ ਤੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਚੰਡੀਗੜ੍ਹ ਦੇ ਸੈਕਟਰ 48-49 ਨੇੜੇ ਏਅਰਪੋਰਟ ਰੋਡ ’ਤੇ ਇਕ ਤੋਂ 7 ਸਤੰਬਰ ਤੱਕ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਆਲ ਇੰਡੀਆ ਕਿਸਾਨ ਸਭਾ ਵੱਲੋਂ ਵੀ ਇਸ ਸੰਘਰਸ਼ ਵਿੱਚ ਪੂਰੀ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ ਹੈ। ਸੁਲਤਾਨਪੁਰ ਲੋਧੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਟਿੱਬਾ ਅਤੇ ਜ਼ਿਲ੍ਹਾ ਸਕੱਤਰ ਤਰਲੋਚਨ ਸਿੰਘ ਭਬਿਆਣਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ, ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਦੀ ਕਾਨੂੰਨੀ ਖਰੀਦ ਦੀ ਗਾਰੰਟੀ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਕਤੀ ਅਤੇ ਲੈਂਡ ਪੂਲਿੰਗ ਸਮੇਤ ਅਹਿਮ ਮਸਲਿਆਂ ’ਤੇ ਸਰਕਾਰਾਂ ’ਤੇ ਦਬਾਅ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਐਡਵੋਕੇਟ ਰਾਣਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨਾਲ ਸਬੰਧਤ ਸਮਝੌਤਿਆਂ ਨੂੰ ਰੱਦ ਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਹਿੱਸੇਦਾਰੀ ਬਹਾਲ ਕਰਨ ਅਤੇ ਡੈਮ ਸੇਫਟੀ ਐਕਟ ਰੱਦ ਕਰਨ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਡਾ. ਐੱਮਐੱਸ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਾਰੀਆਂ ਫ਼ਸਲਾਂ ਦੀ ਕਾਨੂੰਨੀ ਖਰੀਦ ਯਕੀਨੀ ਬਣਾਉਣ, ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕਰਨ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦੀ ਮੰਗ ਵੀ ਦੁਹਰਾਈ। ਉਨ੍ਹਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਕ ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋਣ ਵਾਲੇ ਸੰਘਰਸ਼ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਇਕਜੁੱਟਤਾ ਹੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਤੋਂ ਕਿਸਾਨਾਂ ਦਾ ਵੱਡਾ ਜਥਾ 3 ਸਤੰਬਰ ਨੂੰ ਚੰਡੀਗੜ੍ਹ ਲਈ ਰਵਾਨਾ ਹੋਵੇਗਾ। ਇਸ ਮੌਕੇ ਮਾਸਟਰ ਚਰਨ ਸਿੰਘ ਹੈਬਤਪੁਰ, ਮਾਸਟਰ ਜਸਵਿੰਦਰ ਸਿੰਘ ਟਿੱਬਾ, ਨਰਿੰਦਰਜੀਤ ਸਿੰਘ ਠੱਟਾ, ਹਰਜਿੰਦਰ ਸਿੰਘ, ਦਿਆਲ ਸਿੰਘ ਦੀਪੇਵਾਲ, ਬਲਵਿੰਦਰ ਸਿੰਘ ਟਿੱਬਾ, ਰੇਸ਼ਮ ਸਿੰਘ ਬਿਧੀਪੁਰ, ਹਰਬੰਸ ਲਾਲ ਟਿੱਬਾ, ਰਾਜਵੀਰ, ਜਗਜੀਤ ਸਿੰਘ ਬੱਗਾ ਸਰਪੰਚ ਅਮਰਕੋਟ, ਮਾਸਟਰ ਸ਼ਿੰਗਾਰ ਸਿੰਘ, ਮਹਿੰਦਰ ਸਿੰਘ ਮੌਖੇ, ਜਗਜੀਤ ਸਿੰਘ ਬਿਧੀਪੁਰ, ਸੁਖਵਿੰਦਰ ਸਿੰਘ ਸ਼ਹਿਰੀ, ਸਰਵਣ ਸਿੰਘ ਕਰਮਜੀਤਪੁਰ, ਮੁਕੰਦ ਸਿੰਘ, ਅਜੀਤ ਸਿੰਘ ਔਜਲਾ, ਜਗਰੂਪ ਸਿੰਘ ਮੋਖੇ, ਕੁਲਦੀਪ ਸਿੰਘ ਡਿਪਟੀ, ਮਹਿੰਗਾ ਸਿੰਘ ਠੱਟਾ, ਮੇਜਰ ਸਿੰਘ ਚੱਕ ਕੋਟਲਾ, ਸੁਖਦੇਵ ਸਿੰਘ, ਕਾਮਰੇਡ ਸੁਰਜੀਤ ਸਿੰਘ ਠੱਟਾ, ਪਿਆਰਾ ਸਿੰਘ ਠੱਟਾ ਆਦਿ ਹਾਜ਼ਰ ਸਨ।