ਪੰਜਾਬ ਦੀ ਖੁਸ਼ਹਾਲੀ ’ਚ ਕਿਸਾਨਾਂ ਦੀ ਭੂਮਿਕਾ ਮਹੱਤਵਪੂਰਨ : ਐਡ. ਚੰਦੀ ਪੰਜਾਬ ਦੀ ਖੁਸ਼ਹਾਲੀ ’ਚ ਕਿਸਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ : ਐਡਵੋਕੇਟ ਕਰਮਬੀਰ ਚੰਦੀ
Publish Date: Thu, 01 Oct 2026 07:46 PM (IST)
Updated Date: Thu, 01 Oct 2026 07:48 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ, ਵਿਗਿਆਨਕ ਖੇਤੀ ਤਰੀਕਿਆਂ ਤੇ ਖੇਤੀਬਾੜੀ ਖੇਤਰ ਵਿੱਚ ਹੋ ਰਹੀਆਂ ਨਵੀਆਂ ਪਹਿਲਕਦਮੀਆਂ ਨਾਲ ਜੋੜਨ ਦੇ ਉਦੇਸ਼ ਨਾਲ ਸੀਆਈਆਈ ਵੱਲੋਂ ਇਨੋਵੇਟਿਵ ਫਾਰਮਰਜ਼ ਮੀਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਰੋਜ਼ਵੁੱਡ ਕੈਸਲ ਰੇਲ ਕੋਚ ਫੈਕਟਰੀ ਰੋਡ ਕਪੂਰਥਲਾ ਵਿਖੇ ਕਰਵਾਈ ਗਈ ਫਾਰਮਰ ਮੀਟ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਕਿਸਾਨਾਂ, ਖੇਤੀਬਾੜੀ ਮਾਹਿਰਾਂ ਤੇ ਉਦਯੋਗ ਨਾਲ ਜੁੜੇ ਨੁਮਾਇੰਦਿਆਂ ਵਿਚਕਾਰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ, ਫਸਲੀ ਵਿਭਿੰਨਤਾ, ਸਰੋਤਾਂ ਦੀ ਸੁਚੱਜੀ ਵਰਤੋਂ, ਮੁੱਲ ਵਾਧਾ ਤੇ ਟਿਕਾਊ ਖੇਤੀ ਵਰਗੇ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੀਆਈਆਈ ਦੇ ਪਹਿਲਾਂ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਵੀ ਕਿਸਾਨਾਂ ਨੂੰ ਮਾਹਿਰਾਂ ਨਾਲ ਸਿੱਧੇ ਸੰਵਾਦ ਤੇ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੰਚ ਮਿਲਿਆ ਹੈ। ਇਸ ਮੀਟ ਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਬਦਲਦੇ ਖੇਤੀਬਾੜੀ ਦ੍ਰਿਸ਼ ਨਾਲ ਜੋੜਨਾ ਤੇ ਉਨ੍ਹਾਂ ਤੱਕ ਆਧੁਨਿਕ ਤਕਨਾਲੋਜੀ ਤੇ ਮਾਹਿਰਾਂ ਦੀ ਜਾਣਕਾਰੀ ਪਹੁੰਚਾਉਣਾ ਹੈ। ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਵਿੱਚ ਕਿਸਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਤੇ ਖੇਤੀਬਾੜੀ ਨੂੰ ਆਧੁਨਿਕ ਤਕਨਾਲੋਜੀ, ਨਵੀਨਤਾ ਤੇ ਟਿਕਾਊ ਤਰੀਕਿਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਅਜਿਹੇ ਮੰਚ ਕਿਸਾਨਾਂ ਤੇ ਮਾਹਿਰਾਂ ਵਿਚਕਾਰ ਗਿਆਨ ਦੇ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਾਬਤ ਹੋ ਸਕਦੇ ਹਨ।