ਚੋਰੀ ਦੀਆਂ ਤਾਰਾਂ ’ਚੋਂ ਤਾਂਬਾ ਕੱਢਦੇ ਤਿੰਨ ਕਬਾੜੀਏ ਕਾਬੂ ਚੋਰੀ ਦੀਆਂ ਤਾਰਾਂ ਨੂੰ ਸਾੜ ਕੇ ਤਾਂਬਾ ਕੱਢਦੇ ਕਥਿਤ ਤਿੰਨ ਕਬਾੜੀਏ ਕਿਸਾਨਾਂ ਨੇ ਕਾਬੂ ਕਰ ਕੀਤੇ ਪੁਲਿਸ ਹਵਾਲੇ
Publish Date: Sat, 14 Nov 2026 08:50 PM (IST)
Updated Date: Sat, 14 Nov 2026 08:51 PM (IST)
-ਕਿਸਾਨਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤੇ -ਆਏ ਦਿਨ ਹੋ ਰਹੀਆਂ ਚੋਰੀਆਂ ਕਾਰਨ ਕਿਸਾਨ ਪ੍ਰੇਸ਼ਾਨ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਥਾਨਕ ਕਸਬੇ ਦੇ ਗੁਰਦੁਆਰਾ ਟਾਵੀਂ ਸਾਹਿਬ ਵਾਲੇ ਪਾਸਿਓਂ ਨੌਜਵਾਨ ਕਿਸਾਨਾਂ ਵੱਲੋਂ ਬਿਜਲੀ ਦੀਆਂ ਤਾਰਾਂ ਦੇ ਟੋਟਿਆਂ ਨੂੰ ਸਾੜ ਕੇ ਤਾਂਬਾ ਕੱਢਦੇ ਤਿੰਨ ਕਬਾੜੀਆਂ ਨੂੰ ਕਾਬੂ ਕਰਕੇ ਕਾਲਾ ਸੰਘਿਆਂ ਪੁਲਿਸ ਹਵਾਲੇ ਕੀਤਾ ਗਿਆ। ਇਸ ਮੌਕੇ ਸਥਾਨਕ ਪੁਲਿਸ ਚੌਂਕੀ ਵਿਖੇ ਪਿੰਡ ਸੰਧੂ ਚੱਠਾ ਤੇ ਸੁੰਨੜਵਾਲ ਦੇ ਇਕੱਤਰ ਕਿਸਾਨਾਂ ਨੇ ਦੱਸਿਆ ਕਿ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਤੇ ਹੋਰ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਯੂਨੀਅਨ ਦੇ ਆਗੂ ਬਿੰਦੂ ਸੁੰਨੜ ਤੇ ਗੁਰਪ੍ਰੀਤ ਸਿੰਘ ਗੋਪੀ ਸੰਧੂ ਚੱਠਾ ਤੇ ਪਿੰਡ ਸੁੰਨੜਵਾਲ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਦੱਸਿਆ ਕਿ ਗੁਰਦੁਆਰਾ ਟਾਵੀਂ ਸਾਹਿਬ ਵਾਲੇ ਪਾਸੇ ਖੇਤਾਂ ਵੱਲੋਂ ਕਾਫੀ ਧੂੰਆਂ ਉਠਦਾ ਵਿਖਾਈ ਦਿੱਤਾ ਤਾਂ ਵੇਖਿਆ ਗਿਆ ਹੈ ਕਿ ਦੋ ਵਿਅਕਤੀ ਆਪਣੀਆਂ ਸਕੂਟਰੀਆਂ ਸਾਈਡ ’ਤੇ ਲਗਾ ਕੇ ਬਿਜਲੀ ਦੀਆਂ ਤਾਰਾਂ ਦੇ ਟੋਟੇ ਸਾੜ ਰਹੇ ਰਹੇ ਸਨ, ਉਹ ਤਾਰਾਂ ਮੋਟਰਾਂ ਤੋਂ ਕਥਿਤ ਤੌਰ ’ਤੇ ਚੋਰੀ ਕੀਤੀਆਂ ਲੱਗ ਰਹੀਆਂ ਸਨ। ਇਨ੍ਹਾਂ ਤੋਂ ਪੁੱਛਣ ’ਤੇ ਇਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਪਾਏ, ਜਿਸ ’ਤੇ ਨੌਜਵਾਨ ਕਿਸਾਨਾਂ ਵੱਲੋਂ ਕਾਲਾ ਸੰਘਿਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਚੌਂਕੀ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ਼ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਦੋ ਵਿਅਕਤੀ ਜਿਨ੍ਹਾਂ ਵਿੱਚੋਂ ਇਕ ਦਾ ਨਾਂ ਮੋਹਣ ਲਾਲ ਪੁੱਤਰ ਪ੍ਰਭੂ ਤੇ ਦੂਜੇ ਦਾ ਨਾਂ ਨਰਿੰਦਰ ਪੁੱਤਰ ਗਣੇਸ਼ ਦੋਵੇਂ ਵਾਸੀ ਉੱਤਰ ਪ੍ਰਦੇਸ਼ ਹਨ ਤੇ ਕਬਾੜ ਦਾ ਕੰਮ ਕਰਦੇ ਹਨ। ਇਹ ਤਾਂਬਾ ਕੱਢਣ ਲਈ ਤਾਰਾਂ ਸਾੜ ਰਹੇ ਸਨ ਤੇ ਇਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਤੀਜੇ ਸਾਥੀ ਓਮ ਪ੍ਰਕਾਸ਼ ਨੇ ਇਹ ਬਿਜਲੀ ਦੀਆਂ ਤਾਰਾਂ ਸਾੜਨ ਲਈ ਦਿੱਤੀਆਂ ਸਨ। ਪੁਲਿਸ ਵੱਲੋਂ ਓਮ ਪ੍ਰਕਾਸ਼ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਇਹ ਕਾਲਾ ਸੰਘਿਆਂ ਵਿਖੇ ਕਿਰਾਏ ’ਤੇ ਰਹਿ ਰਹੇ ਹਨ ਤੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।