ਭਗਤ ਦੇ ਘਰ ਮੂਹਰੇ ਕਿਸਾਨਾਂ-ਮਜ਼ਦੂਰਾਂ ਲਾਇਆ ਧਰਨਾ ਮੰਤਰੀ ਮਹਿੰਦਰ ਭਗਤ ਦੇ ਘਰ ਮੂਹਰੇ ਕਿਸਾਨਾਂ-ਮਜ਼ਦੂਰਾਂ ਨੇ ਲਾਇਆ ਧਰਨਾ, ਮੰਗਾਂ ਨਾ ਮੰਨਣ ’ਤੇ ਵੱਡੇ ਐਕਸ਼ਨ ਦੀ ਚਿਤਾਵਨੀ
Publish Date: Mon, 14 Sep 2026 08:48 PM (IST)
Updated Date: Mon, 14 Sep 2026 08:50 PM (IST)
ਮੰਗਾਂ ਨਾ ਮੰਨਣ ’ਤੇ ਵੱਡੇ ਐਕਸ਼ਨ ਦੀ ਚਿਤਾਵਨੀ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਸੂਬਾਈ ਕਾਲ ’ਤੇ 14 ਸਤੰਬਰ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਤੇ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ-ਮਜ਼ਦੂਰਾਂ ਵੱਲੋਂ ਮੰਤਰੀ ਮਹਿੰਦਰ ਭਗਤ ਦੇ ਘਰ ਮੂਹਰੇ ਧਰਨਾ ਦਿੱਤਾ ਗਿਆ। ਇਸ ਦੌਰਾਨ ਆਗੂਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ ਗਈ। ਧਰਨੇ ਦੀ ਸਟੇਜ ਦਾ ਸੰਚਾਲਨ ਜੋਗਾ ਸਿੰਘ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਂਵਾਲ, ਸਲਵਿੰਦਰ ਸਿੰਘ ਜਾਣੀਆ ਤੇ ਗੁਰਸੇਵਕ ਸਿੰਘ ਸ਼ਿਵਦਿਆਲ ਨੇ ਕਿਹਾ ਕਿ ਜਦੋਂ ਕੋਈ ਵੀ ਧਿਰ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੀ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਾਸਮਤੀ, ਮੱਕੀ, ਮੂੰਗੀ, ਸਰ੍ਹੋਂ ਤੇ ਆਲੂ ਸਮੇਤ ਪੰਜ ਫ਼ਸਲਾਂ ’ਤੇ ਗਾਰੰਟੀ ਦਾ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਹ ਕਾਨੂੰਨ ਬਣਾਵੇ ਤੇ ਡਾ. ਸਵਾਮੀਨਾਥਨ ਕਮਿਸ਼ਨ ਦੇ ਸੀ2 50 ਫ਼ੀਸਦੀ ਫਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ ਦੇਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਮਤਾ ਪਾਸ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਭਾਰਤ-ਅਮਰੀਕਾ ਟਰੇਡ ਡੀਲ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਵੱਲੋਂ ਦਖ਼ਲ ਦੇ ਕੇ ਲਿਆਂਦੇ ਜਾ ਰਹੇ ਬਿਜਲੀ ਬਿੱਲ-2025, ਸੀਡ ਐਕਟ-2025 ਅਤੇ ਸਹਿਕਾਰਤਾ ਕਾਨੂੰਨ-2026 ਨੂੰ ਰੱਦ ਕਰਨ ਲਈ ਕਾਰਵਾਈ ਕਰੇ। ਕਿਸਾਨ ਆਗੂਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਖ਼ਤਮ ਕਰਨ, ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਤੇ ਪੀੜਤ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਅੰਦੋਲਨਾਂ ਦੌਰਾਨ ਕਿਸਾਨਾਂ-ਮਜ਼ਦੂਰਾਂ ’ਤੇ ਦਰਜ ਕੀਤੇ ਪਰਚੇ ਰੱਦ ਕਰਨ ਅਤੇ ਦਿੱਲੀ-1 ਤੇ ਦਿੱਲੀ-2 ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਸ਼ੰਭੂ, ਖਨੌਰੀ ਤੇ ਰਤਨਪੁਰਾ ਬਾਰਡਰਾਂ ਤੋਂ ਕੇਂਦਰ ਸਰਕਾਰ ਖ਼ਿਲਾਫ਼ ਲੱਗੇ ਮੋਰਚਿਆਂ ਨੂੰ ਜਬਰੀ ਉਖਾੜਨ ਦੌਰਾਨ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਭਰਪਾਈ ਕਰੇ। ਉਨ੍ਹਾਂ ਦੱਸਿਆ ਕਿ ਨੁਕਸਾਨ ਦੀ ਕੀਮਤ ਕਰੀਬ 3 ਕਰੋੜ 77 ਲੱਖ ਰੁਪਏ ਬਣਦੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਕੁਲਦੀਪ ਸਿੰਘ ਜਾਣੀਆ, ਲਵਪ੍ਰੀਤ ਸਿੰਘ ਕੋਟਲੀ, ਸਤਨਾਮ ਸਿੰਘ ਮੰਡੇਲਾ, ਮਲਕੀਤ ਸਿੰਘ ਫੱਤੋਵਾਲ, ਬਲਜਿੰਦਰ ਸਿੰਘ ਸ਼ੇਰਪੁਰ, ਜਗਜੀਤ ਸਿੰਘ ਕੋਟ ਕਰਾਰ, ਹਰਵਿੰਦਰ ਸਿੰਘ ਉੱਚਾ, ਵੀਰ ਸਿੰਘ, ਰਜਿੰਦਰ ਰਾਜੂ, ਮਹਿੰਦਰ ਸਿੰਘ, ਮੇਜਰ ਸਿੰਘ, ਭਜਨ ਸਿੰਘ ਖਿਜਰਪੁਰ, ਸੁਭਾਸ਼ ਸਿੰਘ, ਹਰਦੀਪ ਸਿੰਘ ਬਾਊਪੁਰ, ਨਿਰਮਲ ਸਿੰਘ ਢੰਡੋਵਾਲ, ਜਗਦੀਸ਼ਪਾਲ ਸਿੰਘ ਬਹਮਣੀਆ, ਜ਼ਿਲ੍ਹਾ ਪ੍ਰੈੱਸ ਸਕੱਤਰ ਚੈਂਚਲ ਸਿੰਘ, ਪੁਸ਼ਪਿੰਦਰ ਸਿੰਘ ਰਣਧੀਰਪੁਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਹਾਜ਼ਰ ਸਨ।