ਝੋਨੇ ਦੀ ਖਰੀਦ ਨਾ ਹੋਣ ’ਤੇ ਕਿਸਾਨ ਜਥੇਬੰਦੀਆਂ ਨੇ ਸੱਦੀ ਮੀਟਿੰਗ ਖਰੀਦ ਏਜੰਸੀਆਂ ਵੱਲੋਂ ਕੋਟਾ ਪੂਰਾ ਹੋਣ ਤੇ ਝੋਨੇ ਦੀ ਖਰੀਦ ਨਾ ਕਰਨ ਤੇ ਕਿਸਾਨ ਜਥੇਬੰਦੀਆਂ ਨੇ ਬੁਲਾਈ ਮੀਟਿੰਗ
Publish Date: Fri, 23 Oct 2026 07:14 PM (IST)
Updated Date: Fri, 23 Oct 2026 07:15 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੇ ਕਿਰਤੀ ਕਿਸਾਨ ਯੂਨੀਅਨ ਨੇ ਚੇਅਰਮੈਨ ਮਾਰਕੀਟ ਕਮੇਟੀ, ਆੜਤੀਆ ਐਸੋਸੀਏਸ਼ਨ ਤੇ ਸਰਕਾਰੀ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਰੰਗਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਚੇਅਰਮੈਨ ਮਾਰਕੀਟ ਕਮੇਟੀ ਗੁਰਪਾਲ ਇੰਡੀਅਨ ਦੇ ਦਫ਼ਤਰ ਕੀਤੀ ਇਸ ਮੀਟਿੰਗ ਵਿੱਚ ਖਰੀਦ ਏਜੰਸੀਆਂ ਵੱਲੋਂ ਕੋਟਾ ਪੂਰਾ ਹੋਣ ’ਤੇ ਚੇਅਰਮੈਨ ਨੇ ਵਿਸ਼ਵਾਸ ਦਿਵਾਇਆ ਕਿ ਇਸ ਏਜੰਸੀ ਦਾ ਟਾਰਗੇਟ ਪੂਰਾ ਹੋਣ ’ਤੇ ਦੂਸਰੀਆਂ ਏਜੰਸੀਆਂ ਵੱਲੋਂ ਝੋਨਾ ਖਰੀਦਿਆ ਜਾਵੇਗਾ। ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਕਿਸਾਨ ਆਗੂ ਰਾਣਾ ਸੈਦੋਵਾਲ ਨੇ ਕਿਹਾ ਕਿ ਮਾਰਕੀਟ ਕਮੇਟੀ ਕੋਲ ਨਮੀ ਚੈੱਕ ਕਰਨ ਲਈ ਆਪਣੀ ਮਸ਼ੀਨ ਵੀ ਨਹੀਂ ਹੈ, ਜਿਸ ਨਾਲ ਕਿਸਾਨਾਂ ਨੂੰ ਆੜਤੀ ਦੀ ਮਸ਼ੀਨ ’ਤੇ ਭਰੋਸਾ ਨਹੀਂ ਬੱਝਦਾ ਜਿਸ ਨਾਲ ਬੇਵਿਸ਼ਵਾਸੀ ਬਣੀ ਹੋਈ ਹੈ ਤੇ ਆਰਓ ਸਿਸਟਮ ਨਾ ਲੱਗਾ ਹੋਣ ਕਰਕੇ ਵਪਾਰੀ ਮਰਜ਼ੀ ਦੇ ਭਾਅ ਦੇ ਰਿਹਾ। ਉਨ੍ਹਾਂ ਕਿਹਾ ਕਿ ਕਪੂਰਥਲਾ ਮੰਡੀ ਵਿੱਚ ਆਰਓ ਲਵਾਇਆ ਜਾਵੇ। ਮੀਟਿੰਗ ਵਿੱਚ ਇਸ ਗੱਲ ’ਤੇ ਸਹਿਮਤੀ ਬਣੀ ਕਿ ਜਿਸ ਤਰ੍ਹਾਂ ਪਹਿਲਾਂ ਚੱਲਦਾ ਹੈ, ਜਿਹੜੀ ਫਸਲ ਬਾਕੀ ਰਹਿ ਗਈ ਹੈ, ਉਹ ਵੀ ਉਸੇ ਤਰ੍ਹਾਂ ਵਿਕੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਸੈਦੋਵਾਲ, ਮਨਜਿੰਦਰ ਕਮਲ, ਸੁਰਜੀਤ ਸਿੰਘ ਨੱਥੂਚਾਹਲ, ਹਰਜੀਤ ਰਜਾਪੁਰ ਕਿਰਤੀ ਕਿਸਾਨ ਯੂਨੀਅਨ ਤੋਂ ਸੁੱਚਾ ਸਿੰਘ ਗੁਰਦੀਪ ਸਿੰਘ ਆਦਿ ਹਾਜ਼ਰ ਸਨ।