ਕਿਸਾਨ ਆਗੂਆਂ ਵੱਲੋਂ ਪ੍ਰਾਈਵੇਟ ਸਕੂਲ ਮਾਫੀਆ ਖਿਲਾਫ ਸੰਘਰਸ਼ ਦਾ ਐਲਾਨ
ਕਿਸਾਨ ਆਗੂਆਂ ਵੱਲੋਂ ਪ੍ਰਾਈਵੇਟ ਸਕੂਲ ਮਾਈਫੇ ਖਿਲਾਫ ਸੰਘਰਸ਼ ਦਾ ਐਲਾਨ
Publish Date: Thu, 02 Apr 2026 09:31 PM (IST)
Updated Date: Thu, 02 Apr 2026 09:34 PM (IST)

ਜਾਂ ਤਾਂ ਸਕੂਲਾਂ ਤੋਂ ਹਿਸਾਬ ਲਿਆ ਜਾਵੇ ਜਾਂ ਤਿੱਖੇ ਸੰਘਰਸ਼ਾਂ ਲਈ ਤਿਆਰ ਰਹੋ : ਭੰਡਾਲ, ਨਛੱਤਰ, ਧਰਮਿੰਦਰ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ, ਨਛੱਤਰ ਸਿੰਘ ਬਾਈ, ਧਰਮਿੰਦਰ ਸਿੰਘ ਵੱਲੋਂ ਸਾਂਝਾ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਕਿ ਅੱਜ ਹਾਲਾਤ ਇਹ ਹੋ ਚੁੱਕੇ ਹਨ ਕਿ ਨਾ ਤਾਂ ਸਾਡੇ ਕੋਲੋਂ ਬੱਚੇ ਪੜਾਏ ਜਾ ਰਹੇ ਹਨ ਤੇ ਨਾ ਹੀ ਸਾਡੇ ਕੋਲੋਂ ਇਲਾਜ ਕਰਵਾਇਆ ਜਾ ਰਿਹਾ ਹੈ। ਫੀਸ ਰੈਗੂਲੇਟਰੀ ਐਕਟ 2016-17 ਨੂੰ ਛਿੱਕੇ ਟੰਗ ਪ੍ਰਾਈਵੇਟ ਸਕੂਲ ਮਾਫੀਆ ਵੱਲੋਂ ਸੈਸ਼ਨ 2026-27 ਦੌਰਾਨ ਪੰਜ ਸੌ ਰੁਪਏ ਤੋਂ ਲੈ ਪੰਦਰਾਂ ਸੌ ਰੁਪਏ ਤੱਕ ਫੀਸਾਂ ਵਿਚ ਵਾਧਾ ਕੀਤਾ ਗਿਆ ਹੈ। ਕਿਤਾਬਾਂ, ਵਰਦੀਆਂ ਵਾਲੀਆਂ ਦੁਕਾਨਾਂ ਨਾਲ ਉਕਤ ਸਕੂਲ ਮਾਫੀਆ ਵੱਲੋਂ ਕਮਿਸ਼ਨ ਤੈਅ ਕਰ ਕੇ ਮਾਪਿਆਂ ਦੀ ਲੁੱਟ ਸ਼ਰੇਆਮ ਕੀਤੀ ਜਾ ਰਹੀ ਹੈ। ਵਾਹਨ ਸੇਫਟੀ ਸਕੀਮ 2013 ਤਹਿਤ ਹਰ ਸਾਲ ਜੋ ਬੱਸ ਕਿਰਾਏ ਵਸੂਲਣ ਦੀ ਹਦਾਇਤ ਅਪ੍ਰੈਲ ਮਹੀਨੇ ਸਰਕਾਰ ਵੱਲੋਂ ਕੀਤੀ ਜਾਂਦੀ ਹੈ, ਨੂੰ ਅੱਖੋਂ-ਪਰੋਖੇ ਕਰਕੇ ਮਨਮਰਜ਼ੀ ਨਾਲ ਬਾਰਾਂ ਮਹੀਨੇ ਬੱਸ ਕਿਰਾਏ ਦੇ ਰੂਪ ਵਿਚ ਮਾਪਿਆਂ ਦੀਆਂ ਜੇਬਾਂ ਵਿਚੋਂ ਜ਼ਬਰੀ ਕੱਢਵਾਏ ਜਾਂਦੇ ਹਨ। ਆਰਟੀਈ ਐਕਟ 2009 ਦੀਆਂ ਸ਼ਰਤਾਂ ਕੋਈ ਵੀ ਸਕੂਲ ਪੂਰੀਆਂ ਨਹੀ ਕਰਦਾ। ਕਿਸਾਨ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਅੰਮਿਤ ਕੁਮਾਰ ਪੰਚਾਲ ਨੂੰ ਮੰਗ ਪੱਤਰ ਦੇਣ ਉਪਰੰਤ ਦੋ ਟੁੱਕ ਗੱਲ ਕੀਤੀ ਕਿ ਜਾਂ ਤਾਂ ਉਕਤ ਸਾਰੇ ਮਾਮਲੇ ਵਿਚ ਫੀਸ ਰੈਗੂਲੇਟਰੀ ਚੇਅਰਮੈਨ ਹੋਣ ਦੇ ਨਾਤੇ ਦਖਲ ਦੇ ਕੇ ਸਕੂਲ ਦੀਆਂ ਬੈਲੈਂਸ ਸ਼ੀਟਾਂ ਤੇ ਰਿਕਾਰਡ ਦਾ ਆਡਿਟ ਕਰਵਾਉ ਜਾਂ ਫਿਰ ਸਾਨੂੰ ਮਜਬੂਰਨ ਸਿੱਧੇ ਤੌਰ ’ਤੇ ਖੁਦ ਸਕੂਲ ਮੈਨੇਜਮੈਂਟਾਂ ਨਾਲ ਉਲਝਣ ਲਈ ਮਜਬੂਰ ਹੋਣਾ ਪਵੇਗਾ। ਅਸੀਂ ਬੇਵਜ੍ਹਾ ਸੜਕਾਂ ਜਾਮ ਕਰ ਆਮ ਜਨਤਾ ਜਾਂ ਸਕੂਲ ਗੇਟਾਂ ਨੂੰ ਜ਼ਿੰਦਰੇ ਲਾ ਕੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਨਹੀਂ ਕਰਨਾ ਚਾਹੁੰਦੇ। ਇਸ ਲਈ ਸਾਰੇ ਮਾਮਲੇ ਦਾ ਹੱਲ ਜਲਦ ਤੋਂ ਜਲਦ ਕੱਢਿਆ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਜਲਦ ਹੀ ਸਾਰੇ ਮਾਮਲੇ ਨੂੰ ਖੁਦ ਗੰਭੀਰਤਾ ਨਾਲ ਵਾਚ ਕੇ ਕਿਸੇ ਸਿੱਟੇ ’ਤੇ ਪਹੁੰਚਣਗੇ। ਇਸ ਸਮੇਂ ਸੁਖਦੇਵ ਸਿੰਘ ਖੀਰਾਂਵਾਲੀ, ਮਨਪ੍ਰੀਤ ਸਿੰਘ ਮੰਨਾ, ਲਖਵਿੰਦਰ ਸਿੰਘ ਸਰਪੰਚ, ਸਕੱਤਰ ਸਿੰਘ, ਇੰਦਰਜੀਤ ਸਿੰਘ ਕਪੂਰਥਲਾ, ਹਰਪਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।