- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਵੀਰ ਮੰਡੀ ਵਿਚ ਸੁੱਕਾ ਝੋਨਾ ਲੈ ਆਉਣ : ਚੇਅਰਮੇਨ ਇੰਡੀਅਨ

--ਝੋਨੇ ਦੇ ਸੀਜ਼ਨ ਨੂੰ ਲੈ ਕੇ ਆੜ੍ਹਤੀਆਂ ਨੇ ਚੇਅਰਮੈਨ ਨਾਲ ਕੀਤੀ ਮੀਟਿੰਗ, ਮੁਸ਼ਕਿਲਾਂ ਤੋਂ ਕਰਵਾਇਆ ਜਾਣੂ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਓਮਕਾਰ ਕਾਲੀਆ ਨੇ ਦੱਸਿਆ ਕਿ ਝੋਨੇ ਦੇ ਖ਼ਰੀਦ ਸੀਜ਼ਨ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਅਗਵਾਈ ਹੇਠ ਦਾਣਾ ਮੰਡੀ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਆੜ੍ਹਤੀਆਂ ਨੇ ਮੰਡੀਆਂ ਵਿੱਚ ਆਉਣ ਵਾਲੀਆਂ ਕਈ ਵੱਡੀਆਂ ਮੁਸ਼ਕਿਲਾਂ ਬਾਰੇ ਚੇਅਰਮੈਨ ਨੂੰ ਜਾਣੂ ਕਰਵਾਇਆ ਤੇ ਫ਼ਸਲ ਦੀ ਸੁਚਾਰੂ ਖ਼ਰੀਦ ਤੇ ਲਿਫਟਿੰਗ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ। ਮੀਟਿੰਗ ਦੌਰਾਨ ਆੜ੍ਹਤੀਆਂ ਵੱਲੋਂ ਚੁੱਕੇ ਗਏ ਮੁੱਖ ਮੁੱਦੇ ਤੇ ਮੰਗਾਂ ਆੜ੍ਹਤੀਆਂ ਨੇ ਸਭ ਤੋਂ ਵੱਡੀ ਸਮੱਸਿਆ ਮੰਡੀਆਂ ਵਿੱਚ ਪੁਰਾਣੇ ਸਟਾਕ ਕਾਰਨ ਆ ਰਹੀ ਜਗ੍ਹਾ ਦੀ ਭਾਰੀ ਕਿੱਲਤ ਨੂੰ ਦੱਸਿਆ, ਜਿਸ ਕਾਰਨ ਨਵੀਂ ਫ਼ਸਲ ਰੱਖਣ ਵਿੱਚ ਦਿੱਕਤ ਆ ਸਕਦੀ ਹੈ। ਝੋਨੇ ਦੀ ਸਮੇਂ ਸਿਰ ਚੁਕਾਈ (ਲਿਫਟਿੰਗ) ਨੂੰ ਯਕੀਨੀ ਬਣਾਉਣ ਤੇ ਜੇਕਰ ਆੜ੍ਹਤੀਆਂ ਨੂੰ ਖੁਦ ਢੋਆ-ਢੁਆਈ ਕਰਨੀ ਪਵੇ ਤਾਂ ਠੇਕੇਦਾਰਾਂ ਵੱਲੋਂ ਬਿਨਾਂ ਕਿਸੇ ਕੱਟ ਦੇ ਪੂਰੇ ਪੈਸੇ ਦਿੱਤੇ ਜਾਣ ਦੀ ਮੰਗ ਕੀਤੀ ਗਈ। ਮੰਡੀ ਵਿੱਚ ਸਾਫ਼-ਸਫ਼ਾਈ,ਪੀਣ ਵਾਲੇ ਸਾਫ਼ ਪਾਣੀ, ਬਿਜਲੀ-ਰੋਸ਼ਨੀ,ਪਾਰਕਿੰਗ ਤੇ ਟ੍ਰੈਫਿਕ ਵਿਵਸਥਾ ਨੂੰ ਤੁਰੰਤ ਦਰੁਸਤ ਕਰਨ ਤੇ ਜ਼ੋਰ ਦਿੱਤਾ ਗਿਆ। ਆੜ੍ਹਤੀਆਂ ਨੇ ਮੰਗ ਕੀਤੀ ਕਿ ਦੂਜੇ ਰਾਜਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਣ ਲਈ ਆਉਣ ਵਾਲੇ ਝੋਨੇ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇ। ਆੜ੍ਹਤੀਆਂ ਨੇ ਆਪਣੇ ਪ੍ਰਤੀ ਕੁਇੰਟਲ ਕਮਿਸ਼ਨ, ਪੁਰਾਣੇ ਰੁਕੇ ਹੋਏ ਈਪੀਐੱਫ ਦੇ 55 ਕਰੋੜ ਰੁਪਏ ਜਾਰੀ ਕਰਨ ਤੇ ਆਰਜ਼ੀ ਮਜ਼ਦੂਰਾਂ ਦੀ ਈਪੀਐੱਫ ਕਟੌਤੀ ਦੇ ਨਿਯਮਾਂ ਵਿੱਚ ਢਿੱਲ ਦੇਣ ਬਾਰੇ ਵੀ ਮੰਗ ਕੀਤੀ। ਮੀਟਿੰਗ ਦੌਰਾਨ ਮੰਡੀ ਦੀ ਸਫ਼ਾਈ ਵਿਵਸਥਾ,ਪੀਣ ਵਾਲੇ ਪਾਣੀ,ਬਿਜਲੀ, ਰੌਸ਼ਨੀ, ਪਾਰਕਿੰਗ ਅਤੇ ਟ੍ਰੈਫਿਕ ਸਮੇਤ ਹੋਰ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਸਬੰਧੀ ਵਿਚਾਰ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਤੇ ਮੌਜੂਦ ਅਧਿਕਾਰੀਆਂ ਨੇ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਮੰਡੀਆਂ ਵਿੱਚ ਝੋਨੇ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾ ਰਹੇ ਹਨ ਤਾਂ ਜੋ ਖ਼ਰੀਦ ਤੋਂ ਲੈ ਕੇ ਅਦਾਇਗੀ ਤੱਕ ਕੋਈ ਪ੍ਰੇਸ਼ਾਨੀ ਨਾ ਆਵੇ। ਚੇਅਰਮੈਨ ਇੰਡੀਅਨ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਹੀ ਕੱਟਣ ਤੇ ਉਸ ਉਪਰੰਤ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਕਸਰ ਹੀ ਦੇਖਣ ਚ ਆਉਂਦਾ ਹੈ ਕਿ ਕੁੱਝ ਕਿਸਾਨਾਂ ਵੱਲੋਂ ਆਪਣੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਨਹੀਂ ਲਿਆਂਦੀ ਜਾਂਦੀ। ਇਸ ਨਾਲ ਜਿੱਥੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਜ਼ਿਆਦਾ ਦੇਰ ਤੱਕ ਮੰਡੀ ਚ ਬੈਠਣਾ ਪੈਂਦਾ ਹੈ, ਉੱਥੇ ਹੀ ਖ਼ਰੀਦ, ਲਿਫਟਿੰਗ ਤੇ ਜਾਮ ਦੀ ਸਮੱਸਿਆ ਆਉਂਦੀ ਹੈ, ਸੋ ਕਿਸਾਨ ਵੀਰ ਆਪਣੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਕਟਵਾਉਣ। ਇਸ ਮੌਕੇ ਰਾਈਸ ਐਸੋਸੀਏਸ਼ਨ ਦੇ ਚੇਅਰਮੈਨ ਜੈਪਾਲ ਗੋਇਲ ਨੇ ਵੀ ਆੜ੍ਹਤੀ ਐਸੋਸੀਏਸ਼ਨ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਪਵਨ ਕੌੜਾ, ਰਣਜੀਤ ਸਿੰਘ, ਤਿਲਕ ਰਾਜ ਅਗਰਵਾਲ, ਵਿੱਕੀ ਬਹਿਲ, ਬਲਰਾਮ ਕਾਲੀਆ, ਪ੍ਰੇਮ ਕਾਲੀਆ, ਸੰਜੂ ਗੁਪਤਾ, ਸੁਰਿੰਦਰ ਸਿੰਘ, ਰਾਮੇਸ਼ਵਰ ਸੂਦ, ਰਮੇਸ਼ ਕੁਮਾਰ, ਸੁਰਿੰਦਰ ਖੁਰਾਣਾ, ਅਜੈ ਗੁਪਤਾ, ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ ਆਨੰਦ, ਆਸ਼ੂ ਗੁਪਤਾ, ਨਰੇਸ਼ ਗੁਪਤਾ, ਸੁਦੇਸ਼ ਸ਼ਰਮਾ, ਗੁਰਮੀਤ ਸਿੰਘ,ਮੋਹਿਤ ਸ਼ਰਮਾ, ਜਸਵਿੰਦਰ ਸਿੰਘ, ਹਰੀਸ਼ ਵਧਵਾ ਆਦਿ ਹਾਜ਼ਰ ਸਨ।