ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਕਿਸਾਨ ਜਾਗਰੂਕਤਾ ਕੈਂਪ ਚੰਨਣਵਿੰਡੀ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਕਿਸਾਨ ਜਾਗਰੂਕਤਾ ਕੈਂਪ
Publish Date: Thu, 15 Oct 2026 08:53 PM (IST)
Updated Date: Thu, 15 Oct 2026 08:54 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸਡੀਐੱਮ ਸੁਲਤਾਨਪੁਰ ਲੋਧੀ ਜਸਜੀਤ ਸਿੰਘ ਦੀ ਸਰਪ੍ਰਸਤੀ ਹੇਠ ਖੇਤੀਬਾੜੀ ਵਿਭਾਗ ਸੁਲਤਾਨਪੁਰ ਲੋਧੀ ਵੱਲੋਂ ਪਿੰਡ ਚੰਨਣਵਿੰਡੀ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਤੇ ਆਧੁਨਿਕ ਖੇਤੀ ਮਸ਼ੀਨਰੀ ਰਾਹੀਂ ਇਸ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਖੇਤੀਬਾੜੀ ਵਿਕਾਸ ਅਫਸਰ ਪਰਮਿੰਦਰ ਕੁਮਾਰ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਮਿੱਤਰ ਕੀੜਿਆਂ ਨੂੰ ਨੁਕਸਾਨ ਪਹੁੰਚਦਾ ਹੈ। ਕਿਸਾਨਾਂ ਨੂੰ ਪਰਾਲੀ ਖੇਤ ਵਿੱਚ ਹੀ ਮਿਲਾਉਣ, ਉਪਲਬੱਧ ਮਸ਼ੀਨਰੀ ਦੀ ਵਰਤੋਂ ਕਰਨ ਤੇ ਵਾਤਾਵਰਣ ਪੱਖੀ ਖੇਤੀ ਤਰੀਕੇ ਅਪਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਤੇ ਟਿਕਾਊ ਖੇਤੀ ਵਿੱਚ ਸਹਿਯੋਗ ਦੇਣ। ਇਸ ਦੇ ਨਾਲ ਹੀ ਖੇਤੀਬਾੜੀ ਵਿਸਥਾਰ ਅਫਸਰ ਡਾ. ਜਸਪਾਲ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਖੇਤ ਦੀ ਸਹੀ ਤਿਆਰੀ, ਢੁਕਵੀਂ ਕਿਸਮ ਦੀ ਚੋਣ, ਸਿਫਾਰਸ਼ਸ਼ੁਦਾ ਬੀਜ ਦਰ, ਬੀਜ ਸੋਧ, ਬਿਜਾਈ ਦੇ ਢੁਕਵੇਂ ਸਮੇਂ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਣਕ ਦੀ ਬਿਜਾਈ ਕਰਨ ਤੇ ਬੇਲੋੜੀਆਂ ਖ਼ਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਰ੍ਹੋਂ ਦੀ ਬਿਜਾਈ ਲਈ ਢੁਕਵੀਂ ਜ਼ਮੀਨ ਦੀ ਚੋਣ, ਖੇਤ ਦੀ ਤਿਆਰੀ, ਸਿਫ਼ਾਰਸ਼ਸ਼ੁਦਾ ਕਿਸਮਾਂ, ਬੀਜ ਦਰ, ਬੀਜ ਸੋਧ ਤੇ ਸੰਤੁਲਿਤ ਖ਼ਾਦਾਂ ਦੀ ਵਰਤੋਂ ਬਾਰੇ ਦੱਸਿਆ ਗਿਆ। ਕਿਸਾਨਾਂ ਨੂੰ ਸਰ੍ਹੋਂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਤੇ ਕੀੜੇ-ਮਕੌੜਿਆਂ ਦੀ ਸੁਚੱਜੀ ਨਿਗਰਾਨੀ ਕਰਨ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਆਈਟੀਸੀ ਮਿਸ਼ਨ ਸੁਨਹਿਰਾ ਕੱਲ੍ਹ ਤਹਿਤ ਮਾਨਵ ਵਿਕਾਸ ਸੰਸਥਾਨ ਵੱਲੋਂ ਸੁਰਜੀਤ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਕਿਹਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਸੁਚੱਜਾ ਪ੍ਰਬੰਧਨ ਕਰਨ ਤੇ ਕਣਕ ਦੀ ਬਿਜਾਈ ਸਬੰਧੀ ਵਿਗਿਆਨਕ ਖੇਤੀ ਤਕਨੀਕਾਂ ਨੂੰ ਅਪਣਾਉਣ। ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਵੱਲੋਂ ਖੇਤੀਬਾੜੀ ਵਿਭਾਗ ਦਾ ਧੰਨਵਾਦ ਕੀਤਾ ਤੇ ਇਸ ਜਾਗਰੂਕਤਾ ਕੈਂਪ ਲਗਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਮਿੱਟੀ ਦੀ ਸਿਹਤ ਤੇ ਖੇਤੀ ਦੀ ਉਤਪਾਦਕਤਾ ਨੂੰ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਕੈਂਪ ਨਾਲ ਕਿਸਾਨਾਂ ਅੰਦਰ ਵੱਡੀ ਪੱਧਰ ਤੇ ਪਰਾਲੀ ਪ੍ਰਬੰਧਨ ਲਈ ਜਾਗਰੂਕਤਾ ਆਵੇਗੀ। ਇਸ ਮੌਕੇ ਮਾਨਵ ਵਿਕਾਸ ਸੰਸਥਾਨ ਵੱਲੋ ਗਗਨਦੀਪ ਸਿੰਘ, ਜਸਕਰਨ ਪ੍ਰੀਤ ਸਿੰਘ, ਬਚਿੱਤਰ ਸਿੰਘ, ਅਮਤੋਜ ਸਿੰਘ, ਕਿਸਾਨ ਆਗੂ ਬਲਦੇਵ ਸਿੰਘ, ਸਰਪੰਚ ਅਮਨਦੀਪ ਕੌਰ, ਰਣਜੀਤ ਸਿੰਘ ਦਾਰੇਵਾਲ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਪਿਆਰਾ ਸਿੰਘ ਚੰਦੀ, ਅਵਤਾਰ ਸਿੰਘ, ਜਸਵਿੰਦਰ ਸਿੰਘ, ਬਿਕਰਮਜੀਤ ਸਿੰਘ, ਹਰਬੰਸ ਸਿੰਘ, ਬਲਦੇਵ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ, ਚਰਨ ਸਿੰਘ, ਜਰਨੈਲ ਸਿੰਘ, ਮਹਿਤਾਬ ਸਿੰਘ, ਬਲਜਿੰਦਰ ਸਿੰਘ, ਸ਼ਿੰਗਾਰਾ ਸਿੰਘ, ਚਰਨ ਸਿੰਘ, ਰਣਜੀਤ ਸਿੰਘ, ਵੰਸ਼ਪ੍ਰੀਤ ਸਿੰਘ, ਗੁਰਸ਼ਾਨ ਸਿੰਘ, ਜਸਕਰਨ ਸਿੰਘ, ਬਲਕਾਰ ਸਿੰਘ, ਦਲਬੀਰ ਸਿੰਘ, ਹਰਨੂਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ।