- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮਜੀਤਪੁਰ ਸਹਿਕਾਰੀ ਸਭਾ ਵਿੱਚ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ : ਡਾ ਹਰਮਿੰਦਰ ਸਿੰਘ
ਕਿਸਾਨ ਸਹਿਕਾਰਤਾ ਨਾਲ ਜੁੜ ਕੇ ਲਾਭ ਪ੍ਰਾਪਤ ਕਰਨ : ਏਆਰ ਮਨਮੀਤ ਸਿੰਘ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਰਮਜੀਤਪੁਰ ਸਹਿਕਾਰੀ ਸਭਾ ਵਿਖੇ ਆਮ ਇਜਲਾਸ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਹੋਏ। ਕਿਸਾਨ ਵੀਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਏ ਡਾਕਟਰ ਸਾਹਿਬਾਨ ਵੱਲੋਂ ਝੋਨੇ ਤੇ ਸਬਜ਼ੀਆਂ ਦੀਆਂ ਫਸਲਾਂ ਉੱਪਰ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਤੇ ਕਣਕ ਤੇ ਸਬਜ਼ੀਆਂ ਦੇ ਵੱਖੋ-ਵੱਖਰੇ ਬੀਜਾਂ ਸਬੰਧੀ ਜਾਣਕਾਰੀ ਦਿੱਤੀ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਾ. ਹਰਮਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੇ ਖੇਤਾਂ ਦੀ ਲਗਾਤਾਰ ਨਿਗਰਾਨੀ ਕਰਨ ਤੇ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਨਾ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ’ਤੇ ਘੱਟ ਤੋਂ ਘੱਟ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਕਣਕ ਤੇ ਸਬਜ਼ੀਆਂ ਦੀ ਕਾਸ਼ਤ ਲਈ ਵਧੀਆ ਕੁਆਲਿਟੀ ਦੇ ਬੀਜਾਂ ਦੀ ਕਾਸ਼ਤ ਕਰਨ ਤਾਂ ਜੋ ਸਬਜ਼ੀਆਂ ਦੀ ਪੈਦਾਵਾਰ ਚੰਗੀ ਹੋ ਸਕੇ ਤੇ ਇਸਦਾ ਫਾਇਦਾ ਮਿਲ ਸਕੇ। ਉਨ੍ਹਾਂ ਉਚੇਚੇ ਤੌਰ ’ਤੇ ਪਰਾਲੀ ਨੂੰ ਸੰਭਾਲਣ ਦੀ ਲੋੜ ਤੇ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਤੇ ਪਰਾਲੀ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹਤੱਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ।
ਇਸ ਮੌਕੇ ਡਾ. ਬਿੰਦੂ ਮਰਵਾਹਾ, ਡਾ. ਵਿਵੇਕ ਸ਼ਰਮਾ ਤੇ ਡਾ. ਸੁਮਨ ਕੁਮਾਰੀ ਆਦਿ ਵੱਲੋਂ ਵੀ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ, ਫਸਲਾਂ ਦੇ ਬੀਜਾਂ ਦੀਆਂ ਕਿਸਮਾਂ, ਫਸਲਾਂ ਦੀਆਂ ਬੀਮਾਰੀਆਂ ਤੇ ਰੋਕਥਾਮ ਤੇ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਹਿਕਾਰਤਾ ਵਿਭਾਗ ਦੇ ਏਆਰ ਮਨਮੀਤ ਸਿੰਘ ਨੇ ਕਿਹਾ ਕਿ ਕਿਸਾਨੀ ਨੂੰ ਪ੍ਰਫੁੱਲਤ ਕਰਨ ਲਈ ਸਹਿਕਾਰਤਾ ਵਿਭਾਗ ਕਿਸਾਨਾਂ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਹੈ ਤੇ ਵੱਧ ਤੋਂ ਵੱਧ ਯਤਨ ਕਰ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਹਿਕਾਰਤਾ ਵਿਭਾਗ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਸਭਾ ਦੇ ਪ੍ਰਧਾਨ ਹਰਮਿੰਦਰਜੀਤ ਸਿੰਘ ਤੇ ਸਕੱਤਰ ਸੰਦੀਪ ਕੌਰ ਨੇ ਆਮ ਇਜਲਾਸ ਤੇ ਕਿਸਾਨ ਜਾਗਰੂਕਤਾ ਸੈਮੀਨਾਰ ਦੌਰਾਨ ਏਆਰ ਮਨਮੀਤ ਸਿੰਘ, ਇੰਸਪੈਕਟਰ ਅਮਨਦੀਪ ਸਿੰਘ, ਡਾ. ਹਰਮਿੰਦਰ ਸਿੰਘ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸ਼ਲਾਘਾ ਕੀਤੀ। ਇਸ ਮੌਕੇ ਪਰਮਜੀਤ ਪੁਰ ਸਹਿਕਾਰੀ ਸਭਾ ਦੇ ਪ੍ਰਧਾਨ ਹਰਮਿੰਦਰਜੀਤ ਸਿੰਘ, ਕਮੇਟੀ ਮੈਂਬਰ ਲਖਵਿੰਦਰ ਸਿੰਘ, ਸਰਵਨ ਸਿੰਘ, ਗੁਲਜਾਰ ਸਿੰਘ, ਨਿਰਮਲ ਸਿੰਘ, ਕਸ਼ਮੀਰ ਸਿੰਘ ਨਬੀਪੁਰ, ਜਸਕਰਨ ਸਿੰਘ, ਸੂਰਤ ਸਿੰਘ, ਜਸਬੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਵੀ ਹਾਜ਼ਰ ਸਨ।