ਮਾਸਟਰ ਰਵਿੰਦਰ ਪਾਲ ਦੀ ਸੇਵਾਮੁਕਤੀ ’ਤੇ ਵਿਦਾਇਗੀ ਸਮਾਗਮ ਅੱਜ
ਮਾਸਟਰ ਰਵਿੰਦਰ ਪਾਲ ਦੀ ਸੇਵਾਮੁਕਤੀ ਮੌਕੇ ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਵਿਦਾਇਗੀ ਸਮਾਗਮ ਅੱਜ
Publish Date: Sun, 29 Mar 2026 08:40 PM (IST)
Updated Date: Sun, 29 Mar 2026 08:41 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸਰਕਾਰੀ ਹਾਈ ਸਕੂਲ ਪਿੰਡ ਸਾਹਨੀ (ਤਹਿਸੀਲ ਫਗਵਾੜਾ) ਵਿਖੇ 30 ਮਾਰਚ ਨੂੰ ਮਾਸਟਰ ਰਵਿੰਦਰ ਪਾਲ ਏਸੀਟੀ ਦੀ ਸੇਵਾਮੁਕਤੀ ਮੌਕੇ ਵਿਸ਼ੇਸ਼ ਵਿਦਾਇਗੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਕੇਵਲ ਲਾਲ ਨੇ ਦੱਸਿਆ ਕਿ ਡਰਾਇੰਗ ਟੀਚਰ ਰਵਿੰਦਰ ਪਾਲ ਨੇ ਸਿੱਖਿਆ ਵਿਭਾਗ ਪੰਜਾਬ ਵਿਚ 32 ਸਾਲ ਤੱਕ ਪੂਰੀ ਤਨਦੇਹੀ, ਇਮਾਨਦਾਰੀ ਤੇ ਸਮਰਪਿਤ ਭਾਵਨਾ ਦੇ ਨਾਲ ਸੇਵਾ ਨਿਭਾਈ ਹੈ। ਉਨ੍ਹਾਂ ਨੇ ਆਪਣੇ ਸੇਵਾਕਾਲ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਨੂੰ ਸਿਰਫ਼ ਪਾਠ ਪੁਸਤਕਾਂ ਤੱਕ ਹੀ ਸੀਮਿਤ ਨਹੀਂ ਰੱਖਿਆ, ਸਗੋਂ ਉਨ੍ਹਾਂ ਵਿਚ ਕਲਾ ਪ੍ਰਤੀ ਰੁਚੀ, ਰਚਨਾਤਮਕਤਾ ਤੇ ਅਨੁਸ਼ਾਸਨ ਦੇ ਗੁਣ ਵੀ ਵਿਕਸਿਤ ਕੀਤੇ। ਉਹ ਸਦਾ ਹੀ ਮਿਹਨਤੀ, ਨਿਮਰ ਸੁਭਾਉ ਤੇ ਵਿਦਿਆਰਥੀ-ਪ੍ਰੇਮੀ ਅਧਿਆਪਕ ਵਜੋਂ ਜਾਣੇ ਜਾਂਦੇ ਰਹੇ ਹਨ। ਸਕੂਲ ਦੇ ਕਈ ਵਿਦਿਆਰਥੀਆਂ ਨੇ ਕਲਾ ਮੁਕਾਬਲਿਆਂ ਵਿਚ ਉਨ੍ਹਾਂ ਦੀ ਰਹਿਨੁਮਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਸਕੂਲ ਦੇ ਵਿਕਾਸ ਵਿਚ ਵੀ ਅਹਿਮ ਯੋਗਦਾਨ ਪਾਇਆ। ਉਹ ਸਹਿਕਰਮੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਰਹੇ ਹਨ ਤੇ ਨਵੇਂ ਅਧਿਆਪਕਾਂ ਨੂੰ ਸਦਾ ਸਹਿਯੋਗ ਤੇ ਮਾਰਗਦਰਸ਼ਨ ਦਿੱਤਾ। ਵਿਦਾਇਗੀ ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀ ਲੰਬੀ ਤੇ ਸ਼ਾਨਦਾਰ ਸੇਵਾ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਸੁਨਹਿਰੀ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਜਾਣਗੀਆਂ। ਸਕੂਲ ਸਟਾਫ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਮਾਸਟਰ ਰਵਿੰਦਰ ਪਾਲ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।