ਆਖਰ ਸਿਵਲ ਹਸਪਤਾਲ ਫਗਵਾੜਾ ’ਚ ਕਿਉਂ ਪਰੇਸ਼ਾਨ ਹੁੰਦੇ ਹਨ ਲੋਕ ਸਿਵਲ ਹਸਪਤਾਲ ਵਿੱਚ ਦਿਿਵਆਂਗ ਬੱਚੇ ਦੇ ਯੂਡੀਆਈਡੀ ਕਾਰਡ ਨੂੰ ਲੈ ਕੇ ਪਰਿਵਾਰ ਪਰੇਸ਼ਾਨ, ਸਿਹਤ ਵਿਭਾਗ ਤੋਂ ਕਾਰਵਾਈ ਦੀ ਮੰਗ
Publish Date: Thu, 10 Sep 2026 06:40 PM (IST)
Updated Date: Thu, 10 Sep 2026 06:43 PM (IST)
ਦਿਵਿਆਂਗ ਬੱਚੇ ਦੇ ਕਾਰਡ ਨੂੰ ਲੈ ਕੇ ਸਿਹਤ ਵਿਭਾਗ ਤੋਂ ਕਾਰਵਾਈ ਦੀ ਮੰਗ ਬੱਚੇ ਦੀ ਮਾਂ ਨੂੰ ਗਰਮੀ ਵਿੱਚ ਕਾਰਡ ਬਣਾਉਣ ਲਈ ਵਾਰ-ਵਾਰ ਦਿੱਤੀ ਜਾ ਤਾਰੀਖ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਿਵਿਆਂਗ ਬੱਚਿਆਂ ਦੇ ਯੂਡੀਆਈਡੀ ਕਾਰਡ ਬਣਵਾਉਣ ਨੂੰ ਲੈ ਕੇ ਪਰਿਵਾਰਾਂ ਨੂੰ ਕਥਿਤ ਤੌਰ ’ਤੇ ਵਾਰ-ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਹਸਪਤਾਲ ਵਿੱਚ ਔਰਤਾਂ ਤੇ ਬੱਚਿਆਂ ਨੂੰ ਹਫ਼ਤੇ ਦੇ ਨਿਰਧਾਰਤ ਦਿਨਾਂ ’ਤੇ ਬੁਲਾਇਆ ਜਾਂਦਾ ਹੈ, ਪਰ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅਗਲੀ ਤਾਰੀਖ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਪੀੜਤ ਸਮਰਥ ਕੁਮਾਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ ਲਗਭਗ 6 ਮਹੀਨਿਆਂ ਤੋਂ ਹਸਪਤਾਲ ਵਿੱਚ ਹਰ ਵੀਰਵਾਰ ਤੇ ਸ਼ਨੀਵਾਰ ਨੂੰ ਬੱਚਿਆਂ ਤੇ ਔਰਤਾਂ ਨੂੰ ਬੁਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਲੈ ਕੇ ਦੂਰ-ਦੁਰਾਡੇ ਤੋਂ ਹਸਪਤਾਲ ਪਹੁੰਚਣਾ ਪਰਿਵਾਰਾਂ ਲਈ ਕਾਫੀ ਮੁਸ਼ਕਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਬੱਚੇ ਦੇ ਪਿਤਾ ਦਾ ਵੀ ਦੇਹਾਂਤ ਹੋ ਚੁੱਕਾ ਹੈ, ਜਿਸ ਕਾਰਨ ਪਰਿਵਾਰ ਪਹਿਲਾਂ ਹੀ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਬੱਚੇ ਦਾ ਯੂਡੀਆਈਡੀ ਕਾਰਡ ਬਣਵਾਉਣ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਆਨਲਾਈਨ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਅਗਲੀ ਵਾਰ ਆ ਕੇ ਕਾਰਡ ਬਣਵਾ ਲੈਣਾ। ਇਸ ਕਾਰਨ ਬੱਚੇ ਦੀ ਮਾਂ ਨੂੰ ਗਰਮੀ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੰਟਕ ਪੰਜਾਬ ਦੇ ਉਪ ਪ੍ਰਧਾਨ ਸੁਨੀਲ ਪਾਂਡੇ ਨੇ ਪੰਜਾਬ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਸਿਵਲ ਹਸਪਤਾਲ ਵਿੱਚ ਯੂਡੀਆਈਡੀ ਕਾਰਡ ਬਣਾਉਣ ਨਾਲ ਸਬੰਧਤ ਪ੍ਰਕਿਰਿਆ ਦੀ ਸਮੀਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਦਿਵਿਆਂਗ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।