ਮੇਲੇ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਦੇ ਹਨ : ਕਾਲੀਆ ਮੇਲੇ ਧਾਰਮਿਕ ਭਾਈਚਾਰੇ ਅਤੇ ਪਿਆਰ ਦੇ ਨਾਲ-ਨਾਲ ਧਰਮ ਨਿਰਪੱਖਤਾ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ : ਕਾਲੀਆ
Publish Date: Sat, 29 Aug 2026 08:07 PM (IST)
Updated Date: Sat, 29 Aug 2026 08:10 PM (IST)
--ਸ਼ਿਵ ਸੈਨਿਕਾਂ ਨੇ ਨਾਗ ਦੇਵਤਾ ਦੇ ਦਰਬਾਰ ’ਚ ਟੇਕਿਆ ਮੱਥਾ --ਦੇਸ਼ ਤੇ ਸਾਰੀ ਮਨੁੱਖਤਾ ਦੀ ਖੁਸ਼ਹਾਲੀ ਲਈ ਕੀਤੀ ਪ੍ਰਾਰਥਨਾ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬਾਬਾ ਇੱਛਾਧਾਰੀ ਨਾਗ ਦੇਵਤਾ ਤੇ ਮਲੰਗਾਂ ਦਾ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਵਿਰਸਾ ਵਿਹਾਰ ਨੇੜੇ ਬਾਬਾ ਜੀ ਦੇ ਦਰਬਾਰ ਵਿਖੇ ਗੁਲੇਰੀਆ ਰਾਜਪੂਤ ਪਰਿਵਾਰ ਦੇ ਮੁੱਖ ਸੇਵਾਦਾਰ ਹਰਦੇਵ ਰਾਜਪੂਤ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਬਾਬਾ ਜੀ ਦੇ ਦਰਬਾਰ ਵਿਖੇ ਝੰਡਾ ਲਹਿਰਾਉਣ ਦੀ ਰਸਮ 1008 ਮਹਾਂਮੰਡਲੇਸ਼ਵਰ ਸਵਾਮੀ ਪ੍ਰਦੀਪਾਨੰਦ ਮਹਾਰਾਜ ਜੀ ਕਾਹਲਵਾਂ ਵਾਲੇ ਨੇ ਨਿਭਾਈ। ਇਸ ਮੌਕੇ ਸ਼ਿਵ ਸੈਨਾ ਦੇ ਮੈਂਬਰ ਓਮਕਾਰ ਕਾਲੀਆ, ਦੀਪਕ ਮਦਾਨ ਤੇ ਸੰਦੀਪ ਪੰਡਿਤ ਦੀ ਅਗਵਾਈ ਹੇਠ ਬਾਬਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋਏ ਤੇ ਦੇਸ਼ ਤੇ ਸਾਰੀ ਮਨੁੱਖਤਾ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਓਮਕਾਰ ਕਾਲੀਆ ਨੇ ਕਿਹਾ ਕਿ ਪਰਮਾਤਮਾ ਪ੍ਰਤੀ ਸ਼ਰਧਾ ਤੋਂ ਬਿਨਾਂ ਦੁਨੀਆ ਦੀ ਹਰ ਚੀਜ਼ ਤਮਾਸ਼ਾ ਹੈ। ਉਨ੍ਹਾਂ ਕਿਹਾ ਕਿ ਮੇਲੇ ਭਾਵੇਂ ਧਾਰਮਿਕ ਹੋਣ ਜਾਂ ਸਮਾਜਿਕ ਆਪਸੀ ਭਾਈਚਾਰੇ ਤੇ ਪਿਆਰ ਰਾਹੀਂ ਧਰਮ ਨਿਰਪੱਖਤਾ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ। ਕਾਲੀਆ ਨੇ ਕਿਹਾ ਕਿ ਪੰਜਾਬ ਦੇ ਮੇਲੇ ਸੱਭਿਆਚਾਰ ਦੇ ਰੱਖਿਅਕ ਵਜੋਂ ਕੰਮ ਕਰਦੇ ਹਨ ਕਿਉਂਕਿ ਉਹ ਰਵਾਇਤੀ ਪ੍ਰਥਾਵਾਂ ਜਿਵੇਂ ਕਿ ਨਿਹੰਗ ਸਿੱਖਾਂ ਦੀ ਭਾਗੀਦਾਰੀ, ਪਸ਼ੂਆਂ ਦੇ ਪ੍ਰਦਰਸ਼ਨ ਤੇ ਮਿੱਟੀ ਦੇ ਭਾਂਡਿਆਂ ਤੇ ਖਿਡੌਣਿਆਂ ਵਰਗੀਆਂ ਰਵਾਇਤੀ ਵਸਤੂਆਂ ਦੀ ਵਿਕਰੀ ਨੂੰ ਸੁਰੱਖਿਅਤ ਰੱਖਦੇ ਹਨ, ਜਿਸ ਨਾਲ ਸਥਾਨਕ ਸੱਭਿਆਚਾਰ ਦੀ ਨਿਰੰਤਰਤਾ ਬਣਾਈ ਰਹਿੰਦੀ ਹੈ। ਮੇਲੇ ਦੌਰਾਨ ਕੋਲਡ ਡਰਿੰਕਸ, ਚਾਹ, ਪਕੌੜੇ ਤੇ ਇੱਕ ਵਿਸ਼ਾਲ ਦਾਅਵਤ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਸੇਵਾਦਾਰ ਲਾਬਚੰਦ ਬ੍ਰਿਜ, ਪਵਨ, ਆਮ ਆਦਮੀ ਪਾਰਟੀ ਦੇ ਕੌਂਸਲਰ ਨਵਰੀਤ ਕੌਰ, ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਯੋਗੇਸ਼ ਸੋਨੀ, ਸਚਿਨ ਬਹਿਲ, ਮੋਨੂੰ ਸਰਕੋਟੀਆ, ਲਵਲੇਸ਼ ਢੀਂਗਰਾ, ਗੁਰਸ਼ਰਨ ਟੀਟੂ, ਮਿੰਟੂ ਗੁਪਤਾ, ਧਰਮਿੰਦਰ ਕਾਕਾ ਆਦਿ ਨੇ ਵੀ ਬਾਬਾ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ।