ਸੇਵਾਮੁਕਤ ਜੱਜ ਤੋਂ ਕਰਵਾਈ ਜਾਵੇ ਐੱਸਆਈਆਰ ਕਾਰਨ ਅਧਿਆਪਕ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਐਸਆਈਆਰ ਕਾਰਨ ਅਧਿਆਪਕ ਵੱਲੋਂ ਖੁਦਕੁਸ਼ੀ ਕੀਤੇ ਜਾਣ 'ਤੇ ਦੁੱਖ ਦਾ ਪ੍ਰਗਟਾਵਾ
Publish Date: Fri, 10 Jul 2026 07:25 PM (IST)
Updated Date: Fri, 10 Jul 2026 07:27 PM (IST)
ਗੌਰਮਿੰਟ ਟੀਚਰਜ਼ ਯੂਨੀਅਨ ਨੇ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਦੀ ਕੀਤੀ ਸਖ਼ਤ ਨਿੰਦਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਐੱਸਆਈਆਰ ਦੇ ਕੰਮ ਦੇ ਬੇਲੋੜੇ ਅਤੇ ਗ਼ੈਰ-ਜ਼ਰੂਰੀ ਮਾਨਸਿਕ ਦਬਾਅ ਕਾਰਨ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਬੀਐੱਲਓ ਅਧਿਆਪਕ ਗੁਰਪ੍ਰੀਤ ਸਿੰਘ (ਪਿੰਡ ਸਲੇਪੁਰ, ਅਧਿਆਪਕ ਸਪਸ ਭੈਣੀ ਮੀਆਂ ਖਾਂ) ਦੀ ਬੇਵਕਤੀ ਤੇ ਦਰਦਨਾਕ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਥੇਬੰਦੀ ਨੇ ਇਸ ਮੰਦਭਾਗੀ ਘਟਨਾ ਲਈ ਸਿੱਧੇ ਤੌਰ ’ਤੇ ਚੋਣ ਦਫਤਰ ਦੇ ਉੱਚ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਯੂਨੀਅਨ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਉੱਚ ਅਧਿਕਾਰੀਆਂ ਨੇ ਬੀਐੱਲਓ ਅਧਿਆਪਕ ਗੁਰਪ੍ਰੀਤ ਸਿੰਘ ’ਤੇ ਐੱਸਆਈਆਰ ਦੇ ਕੰਮ ਦਾ ਬੇਲੋੜਾ ਦਬਾਅ ਪਾਇਆ ਅਤੇ ਉਸ ਨੂੰ ਮਾਨਸਿਕ ਤੌਰ ’ਤੇ ਤੰਗ ਪਰੇਸ਼ਾਨ ਕੀਤਾ, ਇਸ ਘਟਨਾ ਦੀ ਸੇਵਾਮੁਕਤ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਗੌਰਮਿੰਟ ਟੀਚਰਜ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਨੂੰ ਤੁਰੰਤ ਇੱਕ ਕਰੋੜ ਰੁਪਏ ਦੀ ਸਰਕਾਰੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਰਸ਼ਪਾਲ ਸਿੰਘ ਵੜੈਚ ਸੂਬਾਈ ਆਗੂ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਅਵਤਾਰ ਸਿੰਘ ਹੈਬਤਪੁਰ ਆਦਿ ਆਗੂਆਂ ਨੇ ਆਖਿਆ ਕਿ ਜਿਹੜੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕਰਦੀ ਸੀ ਕਿ ਅਧਿਆਪਕਾਂ ਤੋਂ ਕੋਈ ਵੀ ਗੈਰ-ਵਿੱਦਿਅਕ ਕੰਮ ਨਹੀਂ ਲਿਆ ਜਾਵੇਗਾ ਅਤੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਜਾਵੇਗੀ, ਅੱਜ ਉਸੇ ਸਰਕਾਰ ਦੇ ਰਾਜ ਵਿੱਚ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢ ਕੇ ਬੀ.ਐੱਲ.ਓ. ਵਰਗੀਆਂ ਡਿਊਟੀਆਂ ’ਤੇ ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਅਧਿਆਪਕਾਂ ਤੇ ਬੇਲੋੜਾ ਦਬਾਅ ਪਾ ਕੇ, ਡਰਾ-ਧਮਕਾ ਕੇ ਅਤੇ ਨੋਟਿਸ ਜਾਰੀ ਕਰਕੇ ਮਾਨਸਿਕ ਤੌਰ ’ਤੇ ਇੰਨਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਅਧਿਆਪਕ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਰਗੇ ਖੌਫਨਾਕ ਕਦਮ ਚੁੱਕਣ ਲਈ ਮਜਬੂਰ ਹੋ ਰਹੇ ਹਨ। ਯੂਨੀਅਨ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜਿਨ੍ਹਾਂ ਪੋਲਿੰਗ ਸਟੇਸ਼ਨਾਂ ਜਾਂ ਬੂਥਾਂ ਤੇ ਵੋਟਰਾਂ ਦੀ ਗਿਣਤੀ 800 ਤੋਂ ਉੱਪਰ ਹੈ, ਉੱਥੇ ਕੰਮ ਦੇ ਬੋਝ ਨੂੰ ਵੰਡਣ ਲਈ ਤੁਰੰਤ ਇੱਕ ਸਹਾਇਕ ਕਰਮਚਾਰੀ ਦਿੱਤਾ ਜਾਵੇ । ਐੱਸਆਈਆਰ ਦੇ ਕੰਮ ਨੂੰ ਨਿਪਟਾਉਣ ਲਈ ਦਿੱਤੇ ਜਾਣ ਵਾਲੇ ਸਮੇਂ ਦੇ ਘੇਰੇ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਤਾਂ ਜੋ ਕੋਈ ਵੀ ਮੁਲਾਜ਼ਮ ਮਾਨਸਿਕ ਤਣਾਅ ਦਾ ਸ਼ਿਕਾਰ ਨਾ ਹੋਵੇ। ਚੋਣ ਪ੍ਰਕਿਰਿਆ ਦੇ ਨਾਂ ’ਤੇ ਅਧਿਆਪਕਾਂ ਉੱਪਰ ਪਾਇਆ ਜਾ ਰਿਹਾ ਹਰ ਤਰ੍ਹਾਂ ਦਾ ਬੇਲੋੜਾ ਦਬਾਅ ਤੁਰੰਤ ਬੰਦ ਕੀਤਾ ਜਾਵੇ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੀੜਤ ਪਰਿਵਾਰ ਨੂੰ ਤੁਰੰਤ ਇਨਸਾਫ ਨਾ ਮਿਲਿਆ ਅਤੇ ਅਧਿਆਪਕਾਂ ਦੀਆਂ ਇਹਨਾਂ ਹੱਕੀ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਸਮੁੱਚੀ ਅਧਿਆਪਕ ਜਥੇਬੰਦੀ ਸੰਘਰਸ਼ ਵਿੱਢੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਸੁਖਦੇਵ ਸਿੰਘ, ਯਾਦਵਿੰਦਰ ਸਿੰਘ, ਅਸ਼ਵਨੀ ਕੁਮਾਰ, ਅੰਮ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਸਿਕਾਰਪੁਰ, ਸੁਖਵਿੰਦਰ ਸਿੰਘ ਕਾਲੇਵਾਲ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਬਰਿੰਦਰ ਸਿੰਘ ਮਾਨ, ਸੁਖਦੀਪ ਸਿੰਘ, ਸੁਖਨਿੰਦਰ ਸਿੰਘ ਆਦਿ ਹਾਜ਼ਰ ਸਨ।