- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਨੂੰ ਤਿਉਹਾਰਾਂ ਦੀ ਮਹੱਤਤਾ ਸਮਝਾਓ,ਤਾਂ ਜੋ ਉਹ ਵੀ ਉਤਸ਼ਾਹੀ ਅਤੇ ਉਮੰਗ ਰਹਿਣ : ਨਰੇਸ਼ ਪੰਡਿਤ

ਛੋਟੀ ਰਾਧਾ ਤੇ ਕ੍ਰਿਸ਼ਨ ਨੇ ਫੋੜੀ ਮਟਕੀ
ਮੁਹੱਲੇ ’ਚ ਗੂੰਜਿਆ ਜੈ ਸ਼੍ਰੀ ਕ੍ਰਿਸ਼ਨ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸ਼੍ਰੀ ਕ੍ਰਿਸ਼ਨ ਜਨਮ ਉਤਸਵ ਦੇ ਸ਼ੁਭ ਮੌਕੇ ’ਤੇ ਮੁਹੱਲਾ ਸ਼ੇਰਾ ਵਾਲਾ ਗੇਟ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਮਾਤਰਸ਼ਕਤੀ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਜੋਸ਼ੀ ਤੇ ਇਲਾਕੇ ਦੇ ਸਾਰੇ ਨਿਵਾਸੀਆਂ ਦੇ ਸਾਂਝੇ ਯਤਨਾਂ ਨਾਲ ਸ਼ਰਧਾ, ਵਿਸ਼ਵਾਸ ਤੇ ਖੁਸ਼ੀ ਨਾਲ ਮਟਕੀ ਫੋੜਨ ਦੀ ਰਸਮ ਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਛੋਟੇ ਬੱਚਿਆਂ ਨੇ ਪਿਆਰੀ ਰਾਧਾ ਤੇ ਕ੍ਰਿਸ਼ਨ ਦੇ ਰੂਪ ਵਿੱਚ ਸਜ ਕੇ ਸਾਰਿਆਂ ਨੂੰ ਮੋਹਿਤ ਕਰ ਦਿੱਤਾ। ਬੱਚਿਆਂ ਦੇ ਮਨਮੋਹਕ ਸੱਭਿਆਚਾਰਕ ਪ੍ਰਦਰਸ਼ਨ ਨੇ ਮੌਜੂਦ ਸਾਰੇ ਸ਼ਰਧਾਲੂਆਂ ਨੂੰ ਪ੍ਰਭਾਵਿਤ ਕੀਤਾ। ਬੱਚਿਆਂ ਦੇ ਰੂਹਾਨੀ ਪ੍ਰਦਰਸ਼ਨ ਇੰਝ ਜਾਪਿਆ ਜਿਵੇਂ ਰਾਧਾ ਅਤੇ ਕ੍ਰਿਸ਼ਨ ਖੁਦ ਕੁਝ ਪਲਾਂ ਲਈ ਮੌਜੂਦ ਹੋਣ। ਇਸ ਤੋਂ ਬਾਅਦ, ਜਿਵੇਂ ਹੀ ਛੋਟੇ ਕ੍ਰਿਸ਼ਨ ਨੇ ਉਤਸ਼ਾਹ ਨਾਲ ਮਟਕੀ ਫੋੜੀ ਸਾਰਾ ਮਾਹੌਲ ਨੰਦ ਕੇ ਆਨੰਦ ਭਯੋ, ਜੈ ਕਨ੍ਹਈਆ ਲਾਲ ਕੀ ਤੇ ਜੈ ਭਗਵਾਨ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਸੱਭਿਆਚਾਰ ਦੇ ਆਦਰਸ਼ਾਂ ਨੂੰ ਉਜਾਗਰ ਕਰਦੇ ਹੋਏ ਬੱਚਿਆਂ ਵਿੱਚ ਧਾਰਮਿਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਨਰੇਸ਼ ਪੰਡਿਤ ਨੇ ਕਿਹਾ ਕਿ ਸਾਡਾ ਬਚਪਨ ਬਹੁਤ ਸੁੰਦਰ ਹੁੰਦਾ ਸੀ, ਕਿਉਂਕਿ ਬਚਪਨ ਵਿੱਚ ਅਸੀਂ ਮੇਲਿਆਂ ਤੇ ਤਿਉਹਾਰਾਂ ਦਾ ਬਹੁਤ ਆਨੰਦ ਮਾਣਦੇ ਸੀ। ਅਸੀਂ ਹਰ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸੀ। ਅੱਜ ਵੀ, ਜਦੋਂ ਤਿਉਹਾਰ ਆਉਂਦੇ ਹਨ ਤਾਂ ਸਾਨੂੰ ਆਪਣਾ ਬਚਪਨ ਯਾਦ ਆਉਂਦਾ ਹੈ, ਜਿੱਥੇ ਅਸੀਂ ਤਿਉਹਾਰਾਂ ਦੌਰਾਨ ਬਹੁਤ ਮਸਤੀ ਕਰਦੇ ਸੀ। ਤਿਉਹਾਰ ਅੱਜ ਵੀ ਉਹੀ ਹਨ, ਪਰ ਉਹ ਸਾਡੇ ਬਚਪਨ ਵਰਗੇ ਨਹੀਂ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਤਿਉਹਾਰਾਂ ਨਾਲ ਜੋੜਨਾ ਚਾਹੀਦਾ ਹੈ ਤੇ ਉਨ੍ਹਾਂ ਦੀ ਮਹੱਤਤਾ ਤੇ ਉਨ੍ਹਾਂ ਨੂੰ ਮਨਾਉਣ ਦੇ ਕਾਰਨਾਂ ਬਾਰੇ ਦੱਸਣਾ ਚਾਹੀਦਾ ਹੈ, ਤਾਂ ਜੋ ਬੱਚੇ ਵੀ ਤਿਉਹਾਰਾਂ ਪ੍ਰਤੀ ਉਹੀ ਜਨੂੰਨ ਤੇ ਉਤਸ਼ਾਹ ਬਣਾਈ ਰੱਖ ਸਕਣ ਜੋ ਸਾਡੇ ਕੋਲ ਸੀ। ਉਨ੍ਹਾਂ ਕਿਹਾ ਕਿ ਹਰ ਤਿਉਹਾਰ ਦੇ ਪਿੱਛੇ ਇੱਕ ਪ੍ਰਾਚੀਨ ਕਹਾਣੀ ਹੁੰਦੀ ਹੈ, ਜੋ ਸਾਨੂੰ ਸਕਾਰਾਤਮਕ ਸੰਦੇਸ਼ ਦਿੰਦੀ ਹੈ। ਇਸ ਲਈ ਸਮੇਂ-ਸਮੇਂ ’ਤੇ ਬੱਚਿਆਂ ਨੂੰ ਇਨ੍ਹਾਂ ਕਹਾਣੀਆਂ ਤੇ ਸੰਦੇਸ਼ਾਂ ਨਾਲ ਜਾਣੂ ਕਰਵਾਉਂਦੇ ਰਹੋ। ਹੋਲੀ, ਦੀਵਾਲੀ, ਦੁਸਹਿਰਾ, ਰਾਮ ਨੌਮੀ, ਰੱਖੜੀ ਬੰਧਨ ਤੇ ਕ੍ਰਿਸ਼ਨ ਜਨਮ ਅਸ਼ਟਮੀ ਸਮੇਤ ਹਰ ਤਿਉਹਾਰ ਨਾਲ ਇੱਕ ਕਹਾਣੀ ਜੁੜੀ ਹੁੰਦੀ ਹੈ। ਇਸ ਨਾਲ ਉਹ ਆਪਣੇ ਸੱਭਿਆਚਾਰ ਨਾਲ ਵਧੇਰੇ ਜੁੜੇ ਹੋਏ ਮਹਿਸੂਸ ਕਰਨਗੇ ਤੇ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਇਹ ਤਿਉਹਾਰ ਕਿਉਂ ਮਨਾਏ ਜਾਂਦੇ ਹਨ। ਅੱਜਕੱਲ੍ਹ ਬੱਚੇ ਵੀ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ ਤੇ ਤਿਉਹਾਰ ਇਸ ਇਕੱਲਤਾ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ। ਤਿਉਹਾਰਾਂ ਤੇ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ,ਜਾਣ-ਪਛਾਣ ਵਾਲਿਆਂ,ਗੁਆਂਢੀਆਂ ਕੋਲ ਲੈ ਜਾਓ ਤਾਂ ਜੋ ਉਹ ਸਾਰਿਆਂ ਨਾਲ ਰਲ ਜਾਣ ਤੇ ਇਕੱਠੇ ਤਿਉਹਾਰ ਮਨਾਉਣਾ ਸਿੱਖ ਸਕਣ। ਅੱਜਕੱਲ੍ਹ ਬੱਚਿਆਂ ਦੇ ਸਕੂਲਾਂ ਵਿੱਚ ਵੀ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਬੱਚਿਆਂ ਨੂੰ ਉਤਸ਼ਾਹ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਵਿੱਚ ਵੀ ਦਿਲਚਸਪੀ ਪੈਦਾ ਹੋਵੇ।
ਇਸ ਤੋਂ ਬਾਅਦ ਨਰੇਸ਼ ਪੰਡਿਤ ਨੇ ਬੱਚਿਆਂ ਨੂੰ ਪ੍ਰਸਾਦ, ਟੌਫੀਆਂ ਤੇ ਤੋਹਫ਼ੇ ਵੰਡ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਮੌਜੂਦ ਸਨ ਤੇ ਸਾਰਿਆਂ ਨੇ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਸ਼ਰਧਾ, ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਸਤਸੰਗ ਪ੍ਰਮੁੱਖ ਮਨਮੋਹਨ ਜੋਸ਼ੀ, ਡਾ. ਬਰਜਿੰਦਰ ਬੱਬੀ ਆਦਿ ਵੀ ਮੌਜੂਦ ਸਨ।