ਨਸ਼ਿਆਂ ਤੇ ਤਸਕਰਾਂ ਦੇ ਖਾਤਮੇ ਲਈ ਸਰਕਾਰ ਵੱਲੋਂ ਕਾਰਵਾਈਆਂ ਜਾਰੀ : ਸਾਹੀ ਨਸ਼ਿਆਂ ਤੇ ਨਸ਼ਾ ਤਸਕਰਾਂ ਨੂੰ ਜੜ੍ਹੋਂ ਖਤਮ ਕਰਨ ਲਈ ਸਰਕਾਰ ਵੱਲੋਂ ਮਿਸਾਲੀ ਕਾਰਵਾਈਆਂ ਜਾਰੀ : ਸਾਹੀ
Publish Date: Mon, 12 Oct 2026 08:03 PM (IST)
Updated Date: Mon, 12 Oct 2026 08:05 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਪਿੰਡਾਂ ਤੇ ਸ਼ਹਿਰਾਂ ਦੇ ਲੋਕ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਦੇਣ ਲਈ ਅੱਗੇ ਆ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਇੰਚਾਰਜ ਗੁਰਵਿੰਦਰ ਸਿੰਘ ਸਾਹੀ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਕਰਦਿਆਂ ਕੀਤਾ। ਸਾਹੀ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਦਾ ਮੰਤਵ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ ਤੇ ਹਰੇਕ ਪਿੰਡ ਤੇ ਹਰੇਕ ਗਲੀ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ’ਤੇ ਖਾਤਮਾ ਕਰ ਰਹੀ ਹੈ, ਉੱਥੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਮੁੜ ਤੋਂ ਆਪਣੇ ਪੈਰਾਂ ’ਤੇ ਖੜੇ ਵੀ ਕਰ ਰਹੀ ਹੈ ਤਾਂ ਜੋ ਉਹ ਸਮਾਜ ਵਿੱਚ ਬਿਹਤਰ ਜਿੰਦਗੀ ਬਤੀਤ ਕਰ ਸਕਣ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਸਮੂਹ ਨੌਜਵਾਨ ਨਸ਼ਾ ਨਾ ਕਰਨ, ਨਸ਼ਿਆਂ ਤੋਂ ਬਚਣ ਲਈ ਜਾਗਰੂਕਤਾ ਤੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਾਉਣ ਵਿੱਚ ਸਹਾਇਤਾ ਕਰਨ ਦਾ ਪ੍ਰਣ ਲੈਣ। ਸਾਹੀ ਨੇ ਕਿਹਾ ਕਿ ਨਸ਼ਾ ਸਾਡੀ ਨੌਜਵਾਨ ਪੀੜੀ ਨੂੰ ਘੁਣ ਵਾਂਗ ਖਾ ਕੇ ਸਮਾਜ ਲਈ ਗੰਭੀਰ ਸਮੱਸਿਆ ਬਣ ਗਿਆ ਸੀ ਪਰ ਪੰਜਾਬ ਸਰਕਾਰ ਨੇ ਨਸ਼ੇ ਤੇ ਨਸ਼ਾ ਤਸਕਰਾਂ ਨੂੰ ਜੜ੍ਹੋਂ ਖਤਮ ਕਰਨ ਲਈ ਨਸ਼ਾ ਤਸਕਰਾਂ ਵਿਰੁੱਧ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਤਾਂ ਜੋ ਕੋਈ ਵੀ ਅੱਗੇ ਤੋਂ ਨਸ਼ਾ ਤਸਕਰੀ ਦਾ ਕੰਮ ਨਾ ਕਰੇ ਤੇ ਪੰਜਾਬ ਨੂੰ ਮੁੜ ਤੋਂ ਸਿਹਤਮੰਦ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਕੋਹੜ ਹੈ ਇਸ ਤੋਂ ਹਰੇਕ ਨੌਜਵਾਨ ਨੂੰ ਬਚਣ ਦੀ ਲੋੜ ਹੈ। ਅਕਸਰ ਹੀ ਗਲਤ ਜਾਣਕਾਰੀ ਤੇ ਕੁਝ ਪਲਾਂ ਦੀ ਐਸ਼ਪ੍ਰਸਤੀ ਕਾਰਣ ਨੌਜਵਾਨ ਇਸ ਗਲਤ ਲਤ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਹੁਣ ਪਿੰਡ ਪੱਧਰ ’ਤੇ ਡਿਫੈਂਸ ਕਮੇਟੀਆਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਨੌਜਵਾਨਾਂ ਨੂੰ ਗਾਈਡ ਕਰਨ ਤੇ ਖੇਡ ਗਰਾਊਂਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ। ਪੰਜਾਬ ਵਿੱਚ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਪੰਜਾਬ ਸਰਕਾਰ ਦਿਨ-ਰਾਤ ਯਤਨਸ਼ੀਲ ਹੈ।