ਨਸ਼ੇ ਵਿਰੁੱਧ ਹਰ ਵਿਅਕਤੀ ਅੱਗੇ ਆਵੇ : ਚਾਹਲ/ਸੰਨੀ/ਬਾਵਾ ਨਸ਼ੇ ਵਿਰੁੱਧ ਹਰ ਵਿਅਕਤੀ ਅੱਗੇ ਆਵੇ : ਚਾਹਲ/ਸੰਨੀ/ਬਾਵਾ
Publish Date: Mon, 21 Sep 2026 06:35 PM (IST)
Updated Date: Mon, 21 Sep 2026 06:38 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮਾਜਸੇਵੀ ਤਰਲੋਚਨ ਸਿੰਘ ਚਾਹਲ, ਇੰਟਰਨੈਸ਼ਨਲ ਲੋਕ ਗਾਇਕ ਕਲਾਂ ਮੰਚ ਦੇ ਸਾਬਕਾ ਪ੍ਰਧਾਨ ਪਰਮਜੀਤ ਸੰਨੀ ਤੇ ਸਮਾਜ ਸੇਵਕ ਡਾ. ਐੱਚਐੱਸ ਬਾਵਾ ਚੇਅਰਮੈਨ ਅਜੀਤ ਨਗਰ ਵੈੱਲਫੇਅਰ ਸੁਸਾਇਟੀ ਕਪੂਰਥਲਾ ਵਲੋਂ ਇੱਕ ਸਾਂਝੇ ਬਿਆਨ ਰਾਹੀਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਸਰਗਰਮ ਭੂਮਿਕਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਸਰਕਾਰ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹਰ ਵਿਅਕਤੀ ਨੂੰ ਨਸ਼ੇ ਵਿਰੁੱਧ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕੱਲੀ ਪੁਲਿਸ ਦੇ ਯੋਗਦਾਨ ਨਾਲ ਨਸ਼ਾ ਨਹੀਂ ਰੁੱਕ ਸਕਦਾ ਇਸ ਲਈ ਸਰਪੰਚ-ਪੰਚ, ਲੰਬੜਦਾਰ, ਕੌਂਸਲਰ, ਚੌਕੀਦਾਰ, ਨਰੇਗਾ ਨਾਲ ਜੁੜੇ ਅਧਿਕਾਰੀ-ਵਰਕਰ ਤੇ ਕਰਮਚਾਰੀਆਂ ਸਮੇਤ ਹਰ ਉਹ ਵਿਅਕਤੀ, ਜਿਸ ਦੀ ਆਪਣੇ ਇਲਾਕੇ ਵਿੱਚ ਲੋਕਾਂ ਨਾਲ ਸਿੱਧੀ ਪਹੁੰਚ ਹੈ, ਨਸ਼ੇ ਵਿਰੁੱਧ ਆਪਣੀ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਨੂੰ ਸਖ਼ਤ ਹਦਾਇਤਾਂ ਹੋਣੀਆਂ ਚਾਹੀਦੀਆਂ ਹਨ ਕਿ ਇਹ ਲੋਕ ਨਸ਼ੇ ਵਿਰੁੱਧ ਅੱਗੇ ਆ ਕੇ ਨਸ਼ੇ ਦੀ ਵਿਕਰੀ ਤੇ ਵਰਤੋਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਤਾਂ ਇਸ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਕਈ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ ਤੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਰਿਹਾ ਹੈ। ਇਸ ਲਈ ਸਿਰਫ਼ ਸਰਕਾਰੀ ਕਾਰਵਾਈ ’ਤੇ ਨਿਰਭਰ ਰਹਿਣ ਦੀ ਬਜਾਏ ਸਮਾਜ ਦੇ ਹਰ ਜ਼ਿੰਮੇਵਾਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸਮਾਜਸੇਵੀ ਤਰਲੋਚਨ ਚਾਹਲ, ਪਰਮਜੀਤ ਸੰਨੀ ਤੇ ਡਾ. ਬਾਵਾ ਵਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਖ਼ਿਲਾਫ਼ ਇਕਜੁੱਟ ਹੋਣ, ਨੌਜਵਾਨਾਂ ਨੂੰ ਖੇਡਾਂ ਤੇ ਸਿੱਖਿਆ ਨਾਲ ਜੋੜਨ ਤੇ ਆਪਣੇ ਇਲਾਕੇ ਵਿੱਚ ਨਸ਼ਿਆਂ ਦੀ ਸਮੱਸਿਆ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਨਸ਼ਾ ਮੁਕਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।