ਚੰਗੇ ਇਨਸਾਨ ਨੂੰ ਹਰ ਕੋਈ ਯਾਦ ਕਰਦਾ : ਪੱਡਾ ਚੰਗੇ ਇਨਸਾਨ ਨੂੰ ਹਰੇਕ ਯਾਦ ਕਰਦਾ ਹੈ : ਪੱਡਾ
Publish Date: Tue, 18 Aug 2026 07:31 PM (IST)
Updated Date: Tue, 18 Aug 2026 07:33 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸੁਲਤਾਨਪੁਰ ਦੇ ਪਿੰਡ ਤਲਵੰਡੀ ਚੌਧਰੀਆਂ ਤੋਂ ਅਜੈਬ ਸਿੰਘ ਜੋ ਲੰਮੇ ਵਕਤ ਤੋਂ ਜਰਮਨੀ ਵਿੱਚ ਕਾਰੋਬਾਰ ਕਰ ਰਹੇ ਸਨ, ਦੀ ਅਚਾਨਕ ਮੌਤ ਦੀ ਖਬਰ ਨੇ ਹਲਕਾ ਨਿਵਾਸੀਆਂ ਦੇ ਦਿਲਾਂ ਨੂੰ ਹਲੂਣ ਕੇ ਰੱਖ ਦਿੱਤਾ। ਇਸ ਦੁੱਖ ਦੀ ਘੜੀ ਵਿੱਚ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਦੱਸਿਆ ਕਿ ਅਜੈਬ ਸਿੰਘ ਬਹੁਤ ਹੀ ਸੱਚੇ-ਸੁੱਚੇ ਤੇ ਆਪਣੇ ਇਲਾਕੇ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ। ਅਜੈਬ ਸਿੰਘ ਨੇ ਜਿੱਥੇ ਜਰਮਨ ਵਿੱਚ ਰਹਿ ਕੇ ਵੱਡਾ ਬਿਜ਼ਨੈੱਸ ਕਰਨ ਦੇ ਨਾਲ-ਨਾਲ ਆਪਣੇ ਹਲਕੇ ਆਪਣੇ ਪਿੰਡ ਦੇ ਨਾਲ ਪਿਆਰ ਬਣਾ ਕੇ ਰੱਖਿਆ ਹੋਇਆ ਸੀ, ਉੱਥੇ ਹੀ ਹਰ ਸਾਲ ਜਦੋਂ ਤਲਵੰਡੀ ਚੌਧਰੀਆਂ ਦਾ ਮੇਲਾ ਜਿੱਥੇ ਟੂਰਨਾਮੈਂਟ ਵੀ ਕਰਵਾਏ ਜਾਂਦੇ ਸਨ, ਲੋਕਾਂ ਦੀਆਂ ਅੱਖਾਂ ਜੈ ਸਿੰਘ ਹੋਰਾਂ ਵੱਲ ਲੱਗੀਆਂ ਹੁੰਦੀਆਂ ਸਨ ਕਿ ਉਹ ਆ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਿੱਚ ਚਾਰ ਚੰਦ ਲਾਉਣਗੇ ਤੇ ਵੱਡਾ ਸਹਿਯੋਗ ਵੀ ਕਰਨਗੇ। ਸੁਖਵੰਤ ਸਿੰਘ ਨੇ ਪੱਡਾ ਨੇ ਦੱਸਿਆ ਕਿ ਉਨ੍ਹਾਂ ਦੇ ਕਾਫੀ ਲੰਮੇ ਟਾਈਮ ਤੋਂ ਉਨ੍ਹਾਂ ਨਾਲ ਪਿਆਰ ਭਰੇ ਸਬੰਧ ਸਨ ਤੇ 2014 ਤੋਂ ਉਨ੍ਹਾਂ ਨਾਲ ਸਬੰਧ ਹੋਰ ਵੀ ਗੂੜੇ ਹੁੰਦੇ ਗਏ ਅੱਜ ਜਦੋਂ ਉਨ੍ਹਾਂ ਦੀ ਮੌਤ ਬਾਰੇ ਪਤਾ ਲੱਗਾ ਤਾਂ ਮਨ ਨੂੰ ਬਹੁਤ ਦੁੱਖ ਹੋਇਆ। ਇਸ ਮੌਕੇ ਸੁਖਵੰਤ ਸਿੰਘ ਪੱਡਾ ਆਪਣੇ ਸਾਥੀਆਂ ਸਮੇਤ ਪਿੰਡ ਤਲਵੰਡੀ ਚੌਧਰੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।