ਹਰ ਦੀਵਾ ਸਾਨੂੰ ਸ਼ਹੀਦਾਂ ਦੀ ਯਾਦ ਦਿਵਾਉਂਦਾ : ਆਨੰਦ ਯਾਦਵ ਹਰ ਦੀਵਾ ਸਾਨੂੰ ਸ਼ਹੀਦਾਂ ਦੁਆਰਾ ਆਪਣੇ ਖੂਨ ਨਾਲ ਲਿਖੀ ਗਈ ਅਮਰ ਗਾਥਾ ਦੀ ਯਾਦ ਦਿਵਾਉਂਦਾ ਹੈ : ਆਨੰਦ ਯਾਦਵ
Publish Date: Mon, 09 Nov 2026 09:32 PM (IST)
Updated Date: Mon, 09 Nov 2026 09:32 PM (IST)
--ਵਿਰਾਸਤੀ ਸ਼ਹਿਰ ’ਚ ਬਜਰੰਗ ਦਲ ਨੇ ਜਗਾਇਆ ਇੱਕ ਦੀਵਾ ਸ਼ਹੀਦਾਂ ਦੇ ਨਾਮ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦੇ ਤਿਉਹਾਰ ਦੀਪਉਤਸਵ ਦੇ ਮੌਕੇ ਤੇ ਵਿਰਾਸਤੀ ਸ਼ਹਿਰ ਵਿੱਚ ਬਜਰੰਗ ਦਲ ਨੇ ਇੱਕ ਦੀਵਾ ਸ਼ਹੀਦਾ ਨਾਮ ਪ੍ਰੋਗਰਾਮ ਰਾਹੀਂ ਅਮਰ ਸ਼ਹੀਦਾਂ ਦੇ ਨਾਲ ਸਰਹੱਦ ਤੇ ਤਾਇਨਾਤ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਯਾਦ ਕੀਤਾ। ਇਸ ਮੌਕੇ ਤੇ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਅਮਰ ਯੋਧਿਆਂ ਨੂੰ ਯਾਦ ਕਰਦੇ ਹੋਏ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਕਿਹਾ ਕਿ ਸਾਡੇ ਸਾਰੇ ਭਾਰਤੀਆਂ ਦਾ ਹਰ ਬਹਾਦਰ ਸਿਪਾਹੀ ਪ੍ਰਤੀ ਅਮਿੱਟ ਕਰਜ਼ ਹੈ, ਜਿਨ੍ਹਾਂ ਨੇ ਸਾਡੀ ਖੁਸ਼ੀ, ਖੁਸ਼ਹਾਲੀ ਤੇ ਸ਼ਾਂਤੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਕਦੇ ਨਹੀਂ ਮਰਦੇ ਸਗੋਂ ਅਮਰ ਹੋ ਜਾਂਦੇ ਹਨ। ਭਗਤ ਸਿੰਘ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਮੌਲਾਨਾ ਅਬੁਲ ਕਲਾਮ ਆਜ਼ਾਦ, ਰਾਣੀ ਲਕਸ਼ਮੀਬਾਈ ਆਦਿ ਵਰਗੇ ਦੇਸ਼ ਦੇ ਸ਼ਹੀਦਾਂ ਤੇ ਅਮਰ ਯੋਧਿਆਂ ਨੂੰ ਯਾਦ ਕਰਦਿਆਂ ਆਨੰਦ ਯਾਦਵ ਨੇ ਕਿਹਾ ਕਿ ਸ਼ਹੀਦ ਕਿਸੇ ਭਾਈਚਾਰੇ, ਜਾਤ, ਧਰਮ ਨਾਲ ਸਬੰਧਤ ਨਹੀਂ ਹੁੰਦੇ, ਸਗੋਂ ਪੂਰੇ ਦੇਸ਼ ਦੀ ਵਿਰਾਸਤ ਹੁੰਦੇ ਹਨ। ਆਨੰਦ ਯਾਦਵ ਨੇ ਕਿਹਾ ਕਿ ਸ਼ਹੀਦਾਂ ਤੇ ਬਹਾਦਰ ਸੈਨਿਕਾਂ ਦੀ ਕੁਰਬਾਨੀ ਤੇ ਸਮਰਪਣ ਕਾਰਨ ਹੀ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਕੇ ਖੁਸ਼ੀ ਨਾਲ ਤਿਉਹਾਰ ਮਨਾ ਸਕਦੇ ਹਾਂ। ਇਸ ਮੌਕੇ ਬਜਰੰਗ ਦਲ ਦੇ ਸ਼ਹਿਰੀ ਪ੍ਰਧਾਨ ਮਨੀ ਮਹਾਜਨ, ਅਤੁਲ ਗਰਗ, ਸੌਰਭ, ਅਮਨ, ਵਿਸ਼ਾਲ, ਕਰਨ ਤੇ ਲੱਕੀ ਨੇ ਕਿਹਾ ਕਿ ਸ਼ਹੀਦਾਂ ਦੇ ਨਾਮ ਤੇ ਦੀਵਾ ਜਗਾਉਣ ਨਾਲ ਦਾ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਭਗਤੀ ਤੇ ਕੁਰਬਾਨੀ ਦੀ ਮਹੱਤਤਾ ਨੂੰ ਸਮਝਾਉਣਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਸਮਾਜ ਦਾ ਮਾਣ ਹਨ ਤੇ ਸਾਨੂੰ ਹਮੇਸ਼ਾ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸ਼ਹੀਦਾਂ ਪ੍ਰਤੀ ਸਤਿਕਾਰ ਨੂੰ ਸੱਚੀ ਦੇਸ਼ ਭਗਤੀ ਦੱਸਿਆ। ਰੌਸ਼ਨੀਆਂ ਦੇ ਇਸ ਤਿਉਹਾਰ ਨੂੰ ਦੇਸ਼ ਦੀ ਸੇਵਾ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਯਾਦ ਵਿੱਚ ਇੱਕ ਪ੍ਰੇਰਨਾਦਾਇਕ ਪਹਿਲ ਦੱਸਦਿਆਂ ਕਿਹਾ ਕਿ ਹਰ ਦੀਵਾ ਸਾਨੂੰ ਸ਼ਹੀਦਾਂ ਦੁਆਰਾ ਆਪਣੇ ਖੂਨ ਨਾਲ ਲਿਖੀ ਅਮਰ ਗਾਥਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਨਾਇਕਾਂ ਤੇ ਬਹਾਦਰ ਸੈਨਿਕਾਂ ਦੀ ਧਰਤੀ ਹੈ। ਉਨ੍ਹਾਂ ਸ਼ਹੀਦਾਂ ਦੇ ਕਰਕੇ ਹੀ ਸਾਡੀ ਮਾਤ ਭੂਮੀ ਸੁਰੱਖਿਅਤ ਹੈ। ਖੁਸ਼ੀ ਦੇ ਮੌਕਿਆਂ ’ਤੇ ਉਨ੍ਹਾਂ ਨੂੰ ਯਾਦ ਕਰਨਾ ਹਰ ਭਾਰਤੀ ਦਾ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਵਰਕਰ ਦੀਵਾਲੀ ਤੇ ਸ਼ਹੀਦਾਂ ਦੇ ਨਾਮ ’ਤੇ ਦੀਵੇ ਜਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ, ਤਾਂ ਜੋ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਰੱਖਿਆ ਜਾ ਸਕੇ। ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਕਦੇ ਨਹੀਂ ਭੁੱਲ ਸਕਦੇ।