ਬਿਜਲੀ ਦੇ ਲੰਬੇ ਕੱਟਾਂ ਨਾਲ ਕਿਸਾਨੀ ਸਣੇ ਹਰ ਕਾਰੋਬਾਰ ਪ੍ਰਭਾਵਿਤ : ਨਾਨਕਪੁਰ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨਾਲ ਕਿਸਾਨੀ ਸਮੇਤ ਹਰ ਕਾਰੋਬਾਰ ਪ੍ਰਭਾਵਿਤ : ਨਾਨਕਪੁਰ
Publish Date: Wed, 01 Jul 2026 09:29 PM (IST)
Updated Date: Wed, 01 Jul 2026 09:32 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਦੁਆਬਾ ਵਿੰਗ ਦੇ ਪ੍ਰਮੁੱਖ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਬਿਜਲੀ ਦੇ ਲੰਬੇ-ਲੰਬੇ ਕੱਟਾਂ ਅਤੇ ਕੇਂਦਰ ਦੇ ਨਵੇਂ ‘ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ’ ਨੂੰ ਲੈ ਕੇ ਸੂਬਾ ਸਰਕਾਰ ਤੇ ਕੇਂਦਰ ’ਤੇ ਤਿੱਖੇ ਹਮਲੇ ਕੀਤੇ। ਨਾਨਕਪੁਰ ਨੇ ਕਿਹਾ ਕਿ ਅੱਤ ਦੀ ਗਰਮੀ ’ਚ 8-10 ਘੰਟੇ ਦੇ ਲੰਬੇ ਬਿਜਲੀ ਕੱਟਾਂ ਕਾਰਨ ਕਿਸਾਨੀ ਤਬਾਹ ਹੋ ਰਹੀ ਹੈ। ਝੋਨੇ ਦੀ ਫ਼ਸਲ ਲਈ ਪਾਣੀ ਨਹੀਂ ਮਿਲ ਰਿਹਾ, ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਵਰਕਸ਼ਾਪਾਂ, ਆਟਾ ਚੱਕੀਆਂ ਤੇ ਛੋਟੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਬਜ਼ੁਰਗ, ਮਰੀਜ਼ ਤੇ ਬੱਚੇ ਗਰਮੀ ਨਾਲ ਬੇਹਾਲ ਹਨ। ਜਲ ਘਰਾਂ ਤੋਂ ਪਾਣੀ ਸਪਲਾਈ ਠੱਪ ਹੋ ਗਈ ਹੈ। ਪਿਛਲੀਆਂ ਸਰਕਾਰਾਂ ਸਮੇਂ ਕਦੇ ਵੀ ਬਿਜਲੀ ਦਾ ਇਹੋ ਜਿਹਾ ਸੰਕਟ ਨਹੀਂ ਆਇਆ। ਨਾਨਕਪੁਰ ਨੇ ‘ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ’ ਨੂੰ ਪੰਜਾਬ ਦੇ ਲੋਕਤੰਤਰੀ ਅਧਿਕਾਰਾਂ ’ਤੇ ਹਮਲਾ ਦੱਸਿਆ। ਉਨ੍ਹਾਂ ਸਵਾਲ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਇਹ ਕਾਨੂੰਨ ਲਾਗੂ ਕਰਨਾ ਹੀ ਸੀ ਤਾਂ 30 ਦਸੰਬਰ 2025 ਨੂੰ ਵਿਧਾਨ ਸਭਾ ਸੈਸ਼ਨ ’ਚ ਇਸ ਨੂੰ ਰੱਦ ਕਰਨ ਦਾ ਮਤਾ ਕਿਉਂ ਪਾਸ ਕੀਤਾ ਗਿਆ ਸੀ? ਇਹ ਦੋਗਲੀ ਨੀਤੀ ਪੰਜਾਬੀਆਂ ਨਾਲ ਧੋਖਾ ਹੈ। ਮਨਰੇਗਾ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ-ਰਾਜ ਦਾ ਹਿੱਸਾ 90:10 ਸੀ, ਜਿਸ ਨੂੰ ਨਵੇਂ ਕਾਨੂੰਨ ਤਹਿਤ 60:40 ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਕੋਲ 40 ਫ਼ੀਸਦੀ ਹਿੱਸੇ ਦਾ ਬਜਟ ਹੀ ਨਹੀਂ ਹੈ। ਇਸ ਨਾਲ ਪਿੰਡਾਂ ’ਚ ਰੁਜ਼ਗਾਰ ਖ਼ਤਮ ਹੋ ਜਾਵੇਗਾ ਤੇ ਮਜ਼ਦੂਰ ਹਿਜ਼ਰਤ ਕਰਨਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੋਂ ਸਪੱਸ਼ਟ ਕਰਨ ਦੀ ਮੰਗ ਕੀਤੀ ਕਿ 40 ਫ਼ੀਸਦੀ ਹਿੱਸੇ ਲਈ ਪੈਸਾ ਕਿੱਥੋਂ ਆਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਿਜਲੀ ਸੰਕਟ ਤੇ ਪੰਜਾਬ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰੇਗਾ। ਜੇ ਸਰਕਾਰ ਨੇ ਤੁਰੰਤ ਕੱਟ ਬੰਦ ਨਾ ਕੀਤੇ ਤੇ ਕਾਨੂੰਨ ਵਾਪਸ ਨਾ ਲਿਆ ਤਾਂ ਦੁਆਬੇ ਭਰ ’ਚ ਵੱਡੇ ਪੱਧਰ ’ਤੇ ਧਰਨੇ ਦਿੱਤੇ ਜਾਣਗੇ। ਅਕਾਲੀ ਦਲ ਹੀ ਪੰਜਾਬ ਦੇ ਹੱਕਾਂ ਦਾ ਰਾਖਾ ਹੈ ਤੇ ਕਿਸਾਨ-ਮਜ਼ਦੂਰ ਦੀ ਅਵਾਜ਼ ਬੁਲੰਦ ਕਰਦਾ ਰਹੇਗਾ। ਇਸ ਮੌਕੇ ਸੁਖਦੇਵ ਸਿੰਘ ਨਾਨਕਪੁਰ, ਜਥੇਦਾਰ ਸਤਨਾਮ ਸਿੰਘ ਰਾਮੇ, ਦਰਬਾਰਾ ਸਿੰਘ ਵਿਰਦੀ ਆਦਿ ਵੀ ਹਾਜ਼ਰ ਸਨ।