ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ : ਵਿਸ਼ਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਲੱਬ ਵੱਲੋਂ ਸਮਾਗਮ ਆਯੋਜਿਤ
Publish Date: Mon, 28 Sep 2026 09:54 PM (IST)
Updated Date: Mon, 28 Sep 2026 09:54 PM (IST)
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਲੱਬ ਵੱਲੋਂ ਸਮਾਗਮ ਆਯੋਜਿਤ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ਹੀਦ-ਏ-ਆਜ਼ਮ ਭਗਤ ਸਿੰਘ ਇੱਕ ਮਹਾਨ ਬੁੱਧੀਜੀਵੀ ਚਿੰਤਕ ਤੇ ਦੂਰਅੰਦੇਸ਼ੀ ਸਨ, ਜੋ ਕਿ ਅਜੋਕੀ ਪੀੜ੍ਹੀ ਦਾ ਅਸਲ ਨਾਇਕ ਹੈ, ਭਗਤ ਸਿੰਘ ਨੇ ਛੋਟੀ ਉਮਰ ਵਿਚ ਹੀ ਕੁਰਬਾਨੀ ਕਰਕੇ ਹਰੇਕ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਜਗ੍ਹਾ ਤੇ ਜੋਸ਼ ਦੀ ਭਾਵਨਾ ਪੈਦਾ ਕੀਤੀ ਹੈ। ਉਨ੍ਹਾਂ ਦਾ ਸਮੁੱਚਾ ਜੀਵਨ, ਦੇਸ਼ ਪਿਆਰ, ਸਿੱਖਿਆਵਾਂ, ਵਿਚਾਰਧਾਰਾ ਨੌਜਵਾਨ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੀ ਹਨ ਤੇ ਰਹਿਣਗੀਆਂ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਕਲੱਬ ਰਜਿ. ਦੇ ਪ੍ਰਧਾਨ ਵਿਸ਼ਾਲ ਰਾਜਪੂਤ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਵਿਚ ਸਮਾਜ ਸੇਵਕ ਗੁਰਮੁਖ ਸਿੰਘ ਢੋਡ, ਰਿੰਕੂ ਕਾਲੀਆ ਤੇ ਭਾਰਤੀ ਜੀਵਨ ਬੀਮਾ ਨਿਗਮ ਦੇ ਚੀਫ਼ ਆਰਗੇਨਾਈਜਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਜਿਥੇ ਸ਼ਹੀਦ ਭਗਤ ਸਿੰਘ ਭਾਰਤ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਸਨ, ਉਥੇ ਅਨਿਆਂ, ਅਧਰਮ, ਗਰੀਬੀ ਤੇ ਨਾਬਰਾਬਰੀ ਤੋਂ ਵੀ ਨਿਜਾਤ ਦਿਵਾਉਣਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜਿਥੇ ਇਨਕਲਾਬੀ ਸੋਚ ਦੇ ਧਾਰਨੀ ਰਹੇ ਸਨ, ਉਥੇ ਉਹ ਪੜ੍ਹਨ ਤੇ ਲਿਖਣ ਦੀ ਕਾਬਲੀਅਤ ਵੀ ਰੱਖਦੇ ਸਨ, ਪ੍ਰਸਿੱਧ ਖੋਜੀ ਵਿਦਵਾਨ ਸ਼ਖ਼ਸੀਅਤਾਂ ਦੀਆਂ ਸਿੱਖਿਆਵਾਂ ਤੇ ਜੀਵਨੀਆਂ ਤੋਂ ਬਹੁਤ ਪ੍ਰਭਾਵਿਤ ਸਨ, ਸੋ ਸਾਨੂੰ ਸਾਰਿਆਂ ਨੂੰ ਉਸ ਦੀ ਸ਼ਹਾਦਤ ਨਾਲ ਉਸਦੀ ਜ਼ਿੰਦਗੀ ਦੇ ਬੌਧਿਕ ਵਿਕਾਸ ਦੇ ਪੱਖ ਤੋਂ ਵੀ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਹਾਜਰ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਉਤੇ ਫੁੱਲਾਂ ਦੇ ਹਾਰ ਪਾ ਕੇ ਸੱਚੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵਿਸ਼ਾਲ ਰਾਜਪੂਤ ਨੇ ਸਮੂਹ ਕਪੂਰਥਲਾ ਵਾਸੀਆਂ, ਰਾਜਨੀਤਿਕ ਪਾਰਟੀਆਂ ਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਨਜ਼ਦੀਕ ਕੋਈ ਵੀ ਪੁਤਲਾ ਨਾ ਫੂਕਿਆ ਜਾਵੇ ਤੇ ਨਾ ਹੀ ਮੋਮਬੱਤੀਆਂ ਜਗਾਈਆਂ ਜਾਣ, ਕਿਉਂਕਿ ਇਸ ਨਾਲ ਸਮੁੱਚੇ ਸੰਗਮਰਮਰ ਨੂੰ ਨੁਕਸਾਨ ਪਹੁੰਚ ਰਿਹਾ ਹੈ। ਸਮੂਹ ਕਲੱਬ ਮੈਂਬਰਾਂ ਨੇ ਜਨਮਦਿਨ ਦੀ ਵਧਾਈ ਦਿੰਦਿਆਂ ਲੱਡੂ ਵੀ ਵੰਡੇ ਤੇ ਸਮਾਗਮ ਦੌਰਾਨ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਮਨਦੀਪ ਗੋਲਡੀ, ਦੀਪਕ ਹੰਸ, ਗੁਰਮੁਖ ਸਿੰਘ, ਸੰਨੀ ਚੀਮਾ, ਹੈਪੀ, ਵਰਿੰਦਰ ਬੱਬੂ, ਸੰਦੀਪ ਕਸ਼ਯਪ, ਸੁਰਿੰਦਰਪਾਲ ਸਿੰਘ, ਜਸਵਿੰਦਰਪਾਲ ਸਿੰਘ ਉੱਗੀ, ਗਗਨਦੀਪ ਸਿੰਘ, ਹਰਮਿੰਦਰ ਸਿੰਘ, ਸੁਖਦੇਵ ਸਿੰਘ, ਨਵੀਨ ਕੌੜਾ, ਮਿੱਠੂ ਸਹਿਗਲ, ਸਿਮਰਨਜੀਤ ਸਿੰਘ, ਪ੍ਰਿਤਪਾਲ ਸਿੰਘ, ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।