ਇੰਪਲਾਈਜ਼ ਫੈੱਡਰੇਸ਼ਨ ਨੇ ਡਾਇਰੈਕਟਰ ਸਿੱਖਿਆ ਨੂੰ ਦੱਸੀਆਂ ਮੁਸ਼ਕਿਲਾਂ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਨੇ ਕੀਤੀ ਭਖਦੀਆਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਨਾਲ ਮੁਲਾਕਾਤ
Publish Date: Tue, 13 Oct 2026 09:36 PM (IST)
Updated Date: Tue, 13 Oct 2026 09:39 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਐੱਸਸੀ/ਬੀਸੀ ਸਮਾਜ ਤੇ ਮੁਲਾਜ਼ਮ ਵਰਗ ਦੀਆਂ ਜਾਇਜ਼ ਤੇ ਸੰਵਿਧਾਨਿਕ ਮੰਗਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਇਕਾਈ ਕਪੂਰਥਲਾ ਦੇ ਪ੍ਰਧਾਨ ਤੇ ਸੀਨੀਅਰ ਉਪ ਪ੍ਰਧਾਨ ਪੰਜਾਬ ਸਤਵੰਤ ਟੂਰਾ, ਮਨਜੀਤ ਗਾਟ, ਵਿਨੋਦ ਕੁਮਾਰ, ਦਿਨੇਸ਼ ਕੁਮਾਰ ਤੇ ਕਮਲ ਕੁਮਾਰ ਦੀ ਅਗਵਾਈ ਅਧੀਨ ਵਫ਼ਦ ਨੇ ਮਾਣਯੋਗ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਸਕੱਤਰ ਸਿੰਘ ਬੱਲ ਪੀਸੀਐੱਸ ਨਾਲ ਮੁਲਾਜ਼ਮ ਵਰਗ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਗਾਂ, ਜਿਨ੍ਹਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ ਦੀ ਸਿੱਧੀ ਭਰਤੀ ਅਧੀਨ ਕੁਝ ਵਿਸ਼ਿਆਂ ਵਿੱਚ ਪੰਜਾਬ ਸਰਕਾਰ ਦੇ ਰਾਖਵਾਂਕਰਨ ਐਕਟ ਅਧੀਨ ਬਣਦੀਆਂ ਪੋਸਟਾਂ ਨਹੀਂ ਦਿੱਤੀਆਂ ਗਈਆਂ ਜਦਕਿ ਇਸ ਭਰਤੀ ਸਬੰਧੀ ਕਾਰਵਾਈਆਂ ਚੱਲ ਰਹੀਆਂ ਹਨ, ਵਿੱਚ ਰਾਖਵਾਂਕਰਨ ਅਧੀਨ ਪੋਸਟਾਂ ਦੇਣ ਦਾ ਮਸਲਾ ਫੈੱਡਰੇਸ਼ਨ ਵੱਲੋਂ ਉਠਾਇਆ ਗਿਆ। ਇਸ ਸੰਬੰਧੀ ਮਾਨਯੋਗ ਡਾਇਰੈਕਟਰ ਸਾਹਿਬ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ ਜਿਨ੍ਹਾਂ ਛੇ ਵਿਸ਼ਿਆਂ ਵਿੱਚ ਰਾਖਵਾਂਕਰਨ ਅਧੀਨ ਪੋਸਟਾਂ ਦਾ ਕੋਟਾ ਨਹੀਂ ਦਿੱਤਾ, ਉਨਾਂ ਨੂੰ ਰੋਕ ਦਿੱਤਾ ਜਾਵੇਗਾ ਤੇ ਇਸ ਸਬੰਧੀ ਰਿਕਾਰਡ ਨੂੰ ਘੋਖਿਆ ਜਾਵੇਗਾ। ਇਸੇ ਤਰ੍ਹਾਂ ਹਾਲ ਹੀ ਵਿੱਚ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਵਿੱਚ ਜੋ ਤਰੱਕੀਆਂ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਸਨ, ਉਨ੍ਹਾਂ ਵਿੱਚ ਅਧਿਆਪਕਾਂ ਨੂੰ ਕਿਸੇ ਤਰ੍ਹਾਂ ਦੀ ਸਟੇਸ਼ਨ ਚੋਣ ਨਹੀਂ ਕਰਵਾਈ ਗਈ ਸੀ, ਜਿਸ ਨਾਲ ਬਹੁਤ ਸਾਰੇ ਅਧਿਆਪਕਾਂ ਨੂੰ ਲੋਕਲ ਬਲਾਕਾਂ ਵਿੱਚ ਖਾਲੀ ਪੋਸਟਾਂ ਹੋਣ ਦੇ ਬਾਵਜੂਦ ਵੀ ਦੂਰ-ਦੁਰਾਡੇ ਜਾਣਾ ਪਿਆ, ਇਸ ਸੰਬੰਧੀ ਜੋ ਖਾਲੀ ਪੋਸਟਾਂ ਰਹਿ ਗਈਆਂ ਹਨ, ਉਨ੍ਹਾਂ ਉੱਪਰ ਅਗਲੇ ਅਧਿਆਪਕਾਂ ਨੂੰ ਤਰੱਕੀ ਲਈ ਵਿਚਾਰਨ ਬਾਰੇ ਗੱਲ ਕੀਤੀ ਗਈ। ਇਸੇ ਤਰ੍ਹਾਂ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਤੇ ਮੁੱਖ ਅਧਿਆਪਕਾਂ ਦੀਆਂ ਤਰੱਕੀ ਕੋਟੇ ਦੀਆਂ ਖਾਲੀ ਰਹਿ ਗਈਆਂ ਪੋਸਟਾਂ ਉੱਪਰ ਤਰੱਕੀਆਂ ਸ਼ੁਰੂ ਕਰਨ ਲਈ ਚਰਚਾ ਹੋਈ। ਵਿਭਾਗ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਵੀ ਕੀਤੀ ਗਈ ਤੇ ਤਰੱਕੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ, ਪਰ ਇਸ ਸਬੰਧੀ ਅਲੱਗ ਤੋਂ ਅੰਗਰੇਜ਼ੀ ਵਿਸ਼ੇ ਦੀਆਂ ਪੋਸਟਾਂ ਦੀ ਮੰਨਜੂਰੀ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਭਰਤੀਆਂ ਤੇ ਤਰੱਕੀਆਂ ਵਿੱਚ ਬੈਕਲਾਗ ਪੂਰਾ ਕਰਨ ਲਈ, ਜਿਸ ਸਬੰਧੀ ਮਸਲਾ ਅਦਾਲਤ ਅਧੀਨ ਹੈ, ਬਾਰੇ ਫੈੱਡਰੇਸ਼ਨ ਵੱਲੋਂ ਅਪੀਲ ਕੀਤੀ ਗਈ ਕਿ ਅਦਾਲਤ ਵਿੱਚ ਬਣਦੀ ਕਾਰਵਾਈ ਕਰਦੇ ਹੋਏ ਲੰਬੇ ਸਮੇਂ ਤੋਂ ਉਡੀਕ ਰਹੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਲਈ ਰਾਹ ਸਾਫ਼ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇ, ਕਿਉਂਕਿ ਲਗਾਤਾਰ ਸੇਵਾ ਮੁਕਤੀਆਂ ਹੋਣ ਕਰਕੇ ਸਕੂਲ ਮੁਖੀਆਂ/ਪ੍ਰਿੰਸੀਪਲਾਂ ਦੀਆਂ ਸੈਂਕੜੇ ਪੋਸਟਾਂ ਖਾਲੀ ਪਈਆਂ ਹਨ ਤੇ ਇੱਕ ਪ੍ਰਿੰਸੀਪਲ ਤੇ ਮੁੱਖ ਅਧਿਆਪਕ ਕੋਲ ਇਕ ਸਕੂਲ ਤੋਂ ਇਲਾਵਾ ਦੂਸਰੇ ਸਕੂਲਾਂ ਦੀਆਂ ਡੀਡੀਓ ਪਾਵਰਾਂ ਹੋਣ ਕਰਕੇ ਕੰਮ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ। ਮੰਗਾਂ ਬਾਰੇ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਤੇ ਮਾਨਯੋਗ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਵੱਲੋਂ ਫੈੱਡਰੇਸ਼ਨ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਲਖਬੀਰ ਚੰਦ, ਬਲਵਿੰਦਰ ਨਿੱਧੜਕ, ਅਸ਼ੋਕ ਮੂਲ ਨਿਵਾਸੀ, ਸੁਖਦੇਵ ਬੋਹਾਨੀ, ਰਾਮਪਾਲ, ਸਤਨਾਮ ਗਿੱਲ, ਦੀਪਕ ਸਹਿਗਲ ਆਦਿ ਹਾਜ਼ਰ ਸਨ।