ਮੁਲਾਜ਼ਮਾਂ ਦੇ ਸਬਰ ਦਾ ਬੰਨ੍ਹ ਟੁੱਟਿਆ, ਸੰਗਰੂਰ ’ਚ ਹੋਵੇਗਾ ਮਹਾਂਧਰਨਾ ਮੁਲਾਜ਼ਮਾਂ ਦੇ ਸਬਰ ਦਾ ਬੰਨ੍ਹ ਟੁੱਟਿਆ—ਹੁਣ ਸੰਗਰੂਰ ’ਚ ਗੂੰਜੇਗੀ ਹੱਕਾਂ ਦੀ ਗਰਜ
Publish Date: Thu, 08 Oct 2026 07:19 PM (IST)
Updated Date: Thu, 08 Oct 2026 07:20 PM (IST)
10 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਦਿੱਤਾ ਜਾਵੇਗਾ ਮਹਾਂਧਰਨਾ ਸੁਲਤਾਨਪੁਰ ਲੋਧੀ ਤੋਂ ਵੱਡੀ ਗਿਣਤੀ ’ਚ ਮੁਲਾਜ਼ਮ ਤੇ ਪੈਨਸ਼ਨਰ ਹੋਣਗੇ ਸ਼ਾਮਲ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਦੋਸ਼ ਲਾਉਂਦਿਆਂ ਪਾਵਰਕਾਮ, ਟਰਾਂਸਕੋ ਤੇ ਪੈਨਸ਼ਨਰ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। 10 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਕੀਤੇ ਜਾ ਰਹੇ ਮਹਾਂਧਰਨੇ ਨੂੰ ਸਫਲ ਬਣਾਉਣ ਲਈ ਅੱਜ ਸੁਲਤਾਨਪੁਰ ਲੋਧੀ ਇਕਾਈ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਪ੍ਰਧਾਨ ਰੇਸ਼ਮ ਲਾਲ ਨੇ ਕੀਤੀ, ਜਿਸ ਵਿੱਚ ਪੈਨਸ਼ਨਰਾਂ, ਪਾਵਰਕਾਮ ਤੇ ਟਰਾਂਸਕੋ ਮੁਲਾਜ਼ਮਾਂ ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਵਰਗ ਨੇ ਸਰਕਾਰ ਤੋਂ ਵੱਡੀਆਂ ਆਸਾਂ ਰੱਖੀਆਂ ਸਨ, ਪਰ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਹੱਲ ਨਾ ਹੋਣ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਭਰੋਸੇ ਮਿਲਣ ਦੇ ਬਾਵਜੂਦ ਜਦੋਂ ਮੰਗਾਂ ’ਤੇ ਠੋਸ ਕਾਰਵਾਈ ਨਹੀਂ ਹੋਈ ਤਾਂ ਹੁਣ ਜਥੇਬੰਦੀਆਂ ਨੇ ਸੰਘਰਸ਼ ਦਾ ਰਾਹ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸ਼ਰਮਾ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਮਸਲਿਆਂ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ, ਪਾਵਰਕਾਮ-ਟਰਾਂਸਕੋ ਜਾਂ ਕਿਸੇ ਹੋਰ ਵਿਭਾਗ ਨਾਲ ਸਬੰਧਤ ਮੁਲਾਜ਼ਮ ਹਰ ਵਰਗ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ ਤੇ ਹੁਣ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ। ਸਕੱਤਰ ਬਲਦੇਵ ਰਾਜ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮ ਵਰਗ ਦੀਆਂ ਆਸਾਂ ਨੂੰ ਨਿਰਾਸ਼ਾ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਆਪਣੀਆਂ ਜਾਇਜ਼ ਮੰਗਾਂ ਲਈ ਕਈ ਵਾਰ ਸਰਕਾਰ ਤੱਕ ਪਹੁੰਚ ਕੀਤੀ ਪਰ ਮਸਲਿਆਂ ਦਾ ਪੱਕਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ 10 ਅਕਤੂਬਰ ਨੂੰ ਸੰਗਰੂਰ ਵਿਖੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਇਕੱਠੇ ਹੋ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਗੇ। ਮੀਤ ਪ੍ਰਧਾਨ ਮੁਖਤਿਆਰ ਸਿੰਘ ਖਿੰਡਾ ਨੇ ਕਿਹਾ ਕਿ ਮੁਲਾਜ਼ਮ ਵਰਗ ਹੁਣ ਸਿਰਫ਼ ਭਰੋਸਿਆਂ ਨਾਲ ਸੰਤੁਸ਼ਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ 10 ਅਕਤੂਬਰ ਦਾ ਇਕੱਠ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਰੋਸ ਦਾ ਵੱਡਾ ਪ੍ਰਗਟਾਵਾ ਹੋਵੇਗਾ ਤੇ ਸੁਲਤਾਨਪੁਰ ਲੋਧੀ ਤੋਂ ਵੀ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਮੈਂਬਰ ਸੰਗਰੂਰ ਪਹੁੰਚਣਗੇ। ਉਨ੍ਹਾਂ ਕਿਹਾ ਕਿ 10 ਅਕਤੂਬਰ ਦਾ ਸੰਗਰੂਰ ਮਹਾਂਧਰਨਾ ਸਿਰਫ਼ ਇੱਕ ਧਰਨਾ ਨਹੀਂ, ਸਗੋਂ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਵਰਗ ਦੇ ਰੋਸ ਦਾ ਵੱਡਾ ਪ੍ਰਗਟਾਵਾ ਹੋਵੇਗਾ। ਜੇ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ ਤੇ ਜਥੇਬੰਦੀਆਂ ਅਗਲੇ ਪੜਾਅ ਦੀ ਰਣਨੀਤੀ ਤੈਅ ਕਰਨਗੀਆਂ। ਇਸ ਮੌਕੇ ਪ੍ਰਧਾਨ ਰੇਸ਼ਮ ਲਾਲ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸ਼ਰਮਾ, ਸਕੱਤਰ ਬਲਦੇਵ ਰਾਜ, ਮੀਤ ਪ੍ਰਧਾਨ ਮੁਖਤਿਆਰ ਸਿੰਘ ਖਿੰਡਾ, ਸਹਾਇਕ ਸਕੱਤਰ ਗਜਣ ਸਿੰਘ, ਇੰਦਰਜੀਤ ਵਾਤਿਸ਼, ਜੇਈ ਰਾਮਜੀ ਦਾਸ, ਜਸਵਿੰਦਰ ਸਿੰਘ ਨੱਢਾ, ਸਵਰਨ ਸਿੰਘ, ਸਤਪਾਲ, ਅਵਤਾਰ ਸਿੰਘ, ਰਘਵੀਰ ਸਿੰਘ, ਮੋਹਨ ਲਾਲ, ਪ੍ਰਤਾਪ ਸਿੰਘ ਮੋਮੀ, ਸਤਪਾਲ ਏਐੱਲਐੱਮ ਰਾਈਟਰ, ਦਿਆਲ ਸਿੰਘ ਦੀਪੇਵਾਲ, ਸਵਰਨ ਸਿੰਘ ਪੰਡੋਰੀ, ਮੁਖਤਾਰ ਸਿੰਘ ਚੰਦੀ, ਮਲਕੀਤ ਸਿੰਘ ਤੇ ਰਣਬੀਰ ਸਿੰਘ ਆਦਿ ਹਾਜ਼ਰ ਸਨ।