7 ਨੂੰ ਹੋਣ ਵਾਲੀ ਰੈਲੀ ਲਈ ਮੁਲਾਜ਼ਮ ਲਾਮਬੰਦ, ਮੁਲਾਜ਼ਮਾਂ ਦਾ ਇਕੱਠ ਸਰਕਾਰ ਦੀਆਂ ਨੀਹਾਂ ਹਿਲਾ ਦੇਵੇਗਾ 7 ਨੂੰ ਹੋਣ ਵਾਲੀ ਰੈਲੀ ਲਈ ਮੁਲਾਜ਼ਮਾਂ ਲਾਮਬੰਦ, ਮੁਲਾਜ਼ਮਾਂ ਦਾ ਇਕੱਠ ਸਰਕਾਰ ਦੀਆਂ ਨੀਹਾਂ ਹਿਲਾ ਦੇਵੇਗਾ : ਵਾਸੀ , ਕੌਂਡਲ
Publish Date: Fri, 31 Jul 2026 08:33 PM (IST)
Updated Date: Fri, 31 Jul 2026 08:34 PM (IST)
ਜੇਕਰ ਮੰਗਾਂ ਦੀ ਪੂਰਤੀ ਨਹੀਂ ਤਾਂ 2027 ’ਚ ਆਪ ਸਰਕਾਰ ਨੂੰ ਚੱਲਦਾ ਕਰਨ ਲਈ ਲਵਾਂਗੇ ਅੱਡੀ ਚੋਟੀ ਦਾ ਜ਼ੋਰ : ਕੌਂਡਲ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਜਰਨਲ ਸਕੱਤਰ ਤੀਰਥ ਸਿੰਘ ਵਾਸੀ ਸ਼ਾਮਿਲ ਹੋਏ। ਆਗੂਆਂ ਨੇ 7 ਅਗਸਤ ਨੂੰ ਸਾਂਝਾ ਫਰੰਟ ਦੀ ਮੋਹਾਲੀ ਹੋਣ ਵਾਲੀ ਰੈਲੀ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਬਰਨਾਲਾ ਵਿੱਚ ਸਫਾਈ ਸੇਵਕਾਂ ਤੇ ਲਾਠੀਚਾਰਜ ਦੀ ਸਖ਼ਤ ਨਿੰਦਿਆ ਕੀਤੀ। ਫੈਡਰੇਸ਼ਨ ਦੇ ਜਨਰਲ ਸਕੱਤਰ ਤੀਰਥ ਬਾਸੀ ਨੇ ਕਿਹਾ ਕਿ 7 ਅਗਸਤ ਦੀ ਮਹਾਂ ਰੈਲੀ ਵਿਚ ਸਾਰੇ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ 100% ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਸਰਕਾਰ ਨਾਲ ਲੜਾਈ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੀ ਆਰ-ਪਾਰ ਦੀ ਲੜਾਈ ਹੈ, ਸਰਕਾਰ ਮੁਲਾਜ਼ਮਾਂ ਨੂੰ ਬਿਲਕੁਲ ਅਹਿਮੀਅਤ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਹੋਣ ਜਾ ਰਹੀ ਰੈਲੀ ਲਈ ਮੁਲਾਜ਼ਮ ਤੇ ਪੈਨਸ਼ਨਰ ਲਾਮਬੰਦ ਨੇ ਤੇ ਜੱਥੇਬੰਦੀ ਵੱਲੋਂ ਅਜਿਹਾ ਇਕੱਠ ਕੀਤਾ ਜਾਵੇਗਾ ਜੋ ਸਰਕਾਰ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦੇਵੇ। ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਵਿੱਚ ਸਾਰੇ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਪੈਨਸ਼ਨਰਾਂ ਨੂੰ 2.59 ਨਾਲ ਗੁਣਾਂਕ ਕਰ ਕੇ ਪੈਨਸ਼ਨ ਦੇਣਾ ਅਤੇ ਇਸ ਵਕਤ ਸਭ ਤੋਂ ਭਖਿਆ ਮੁੱਦਾ 18% ਮਹਿਗਾਈ ਭੱਤਾ ਜਾਰੀ ਕਰਵਾਉਣਾ ਸਮੇਤ ਸਾਰੀਆਂ ਹੀ ਮੁੱਖ ਮੰਗਾਂ ਹਨ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਮੁਲਾਜ਼ਮਾਂ ਅਤੇ ਪੈਨਸ਼ਨਰ 2027 ਵਿਚ ਸਰਕਾਰ ਨੂੰ ਚਲਦਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ ਅਤੇ ਆਉਣ ਵਾਲੀ ਕੋਈ ਵੀ ਸਰਕਾਰ ਹੋਵੇ ਉਸ ਨੂੰ ਵੀ ਅਗਾਊਂ ਚੇਤਾਵਨੀ ਮਿਲ਼ ਜਾਵੇਗੀ ਤੇ ਉਹ ਵੀ ਮੁਲਾਜ਼ਮ ਵਰਗ ਨੂੰ ਦੁਬਾਰਾ ਹਲਕੇ ਵਿੱਚ ਨਹੀ ਲਵੇਗੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰੇਗੀ। ਇਸ ਮੌਕੇ ਰਾਜਨ ਕੁਮਾਰ, ਭੋਪਾਲ ਸਿੰਘ, ਸੁਖਵਿੰਦਰ ਸਿੰਘ, ਯੁਗਰਾਜ ਸਿੰਘ, ਰਾਮ ਲਾਲ, ਮਨੋਜ ਕੁਮਾਰ, ਵਿਕਰਮ , ਮੰਨੂੰ ਸਿੰਘ, ਸੁਰੇਸ਼ ਕੁਮਾਰ ਅਤੇ ਸ਼ਾਮ ਬਹਾਦਰ ਆਦਿ ਮੈਂਬਰ ਹਾਜ਼ਰ ਹੋਏ।