ਬਿਜਲੀ ਮੁਲਾਜ਼ਮਾਂ ਨੇ ਪੰਡੋਰੀ ਪਿੰਡ ਦੇ ਸਰਕਾਰੀ ਸਕੂਲ ਦਾ ਕੁਨੈਕਸ਼ਨ ਕੱਟਿਆ ਬਿਜਲੀ ਮੁਲਾਜ਼ਮਾਂ ਨੇ ਪੰਡੋਰੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਬਿਜਲੀ ਕੁਨੈਕਸ਼ਨ ਕੱਟਿਆ
Publish Date: Wed, 15 Jul 2026 06:57 PM (IST)
Updated Date: Wed, 15 Jul 2026 06:57 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਲਾਗਲੇ ਪਿੰਡ ਪੰਡੋਰੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਉਸ ਸਮੇਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਜਦੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਸਕੂਲ ਮੈਨੇਜਮੈਂਟ ਵੱਲੋਂ ਬਕਾਇਆ ਬਿਜਲੀ ਬਿੱਲ ਨਾ ਭਰੇ ਜਾਣ ਕਾਰਨ ਸਕੂਲ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਕੁਨੈਕਸ਼ਨ ਕੱਟੇ ਜਾਣ ਤੋਂ ਬਾਅਦ ਸਕੂਲ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਜਿਸ ਕਾਰਨ ਪੱਖੇ ਤੇ ਹੋਰ ਬਿਜਲੀ ਉਪਕਰਣ ਪਿਛਲੇ ਦੋ ਦਿਨਾਂ ਤੋਂ ਬੰਦ ਹਨ। ਉੱਪਰੋਂ ਅੱਤ ਦੀ ਗਰਮੀ ਦੇ ਮੌਸਮ ’ਚ ਬਿਜਲੀ ਨਾ ਹੋਣ ਕਾਰਨ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲਾਸ ਰੂਮਾਂ ’ਚ ਪੱਖੇ ਨਾ ਚੱਲਣ ਕਾਰਨ ਬੱਚੇ ਗਰਮੀ ਨਾਲ ਪਰੇਸ਼ਾਨ ਹਨ, ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ’ਤੇ ਪੈ ਰਿਹਾ ਹੈ। ਇਹੀ ਨਹੀਂ ਬਲਕਿ ਸਕੂਲ ਵਿੱਚ ਨਾ ਪੀਣ ਲਈ ਪਾਣੀ ਤੇ ਨਾ ਹੀ ਬੱਚਿਆਂ ਲਈ ਮਿਡ-ਡੇ ਮੀਲ ਖਾਣਾ ਬਣਾਉਣ ਲਈ ਪਾਣੀ ਅਤੇ ਬਾਥਰੂਮਾਂ ਵਿੱਚ ਪਾਣੀ ਸਪਲਾਈ ਨਾ ਹੋਣ ਕਰਕੇ ਸਕੂਲ ਸਟਾਫ ਅਤੇ ਬੱਚੇ ਭਾਰੀ ਪ੍ਰੇਸ਼ਾਨੀ ਝੇਲ ਰਹੇ ਹਨ। ਜਦੋਂ ਇਸ ਸਮੱਸਿਆ ਬਾਬਤ ਸਕੂਲ ਹੈੱਡ ਟੀਚਰ ਨਾਲ ਪੰਜਾਬੀ ਜਾਗਰਣ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਸੋਮਵਾਰ ਦੁਪਹਿਰ ਤੋਂ ਬੰਦ ਹੈ ਤੇ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਪਾਸ ਇੱਕ ਘਰ ’ਚੋਂ ਅੱਜ ਟੈਂਪਰੇਰੀ ਬਿਜਲੀ ਕੁਨੈਕਸ਼ਨ ਲੈ ਕੇ ਦਿੱਤਾ ਗਿਆ ਜਿਸ ਤੋਂ ਬਾਅਦ ਅਸੀਂ ਪਾਣੀ ਵਾਲੀ ਟੈਂਕੀ ਭਰੀ ਅਤੇ ਉਸ ਤੋਂ ਪਹਿਲਾਂ ਖੇਤਾਂ ਵਿੱਚ ਲੱਗੀ ਇੱਕ ਮੋਟਰ ਤੋਂ ਪਾਣੀ ਲਿਆ ਕੇ ਬੱਚਿਆਂ ਲਈ ਖਾਣਾ ਤਿਆਰ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਤਿੰਨ ਅਧਿਆਪਕ ਹਨ ਅਤੇ 106 ਬੱਚੇ ਹਨ ਤੇ ਅੱਠ ਤੋਂ 10 ਦੇ ਕਰੀਬ ਕਮਰੇ ਹਨ ਤੇ ਹੁਣ ਤਕਰੀਬਨ ਸਾਰੇ ਬੱਚੇ ਇੱਕ ਜਗ੍ਹਾ ਇਕੱਠੇ ਕਰ ਕੇ ਇੱਕ ਪੱਖਾ ਚਲਾ ਕੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ। ਹੈੱਡ ਟੀਚਰ ਨੇ ਹੋਰ ਕਿਹਾ ਕਿ ਸਾਡੇ ਸਬੰਧਤ ਦਫ਼ਤਰ ਵਾਲਿਆਂ ਨੇ ਸਾਨੂੰ ਭਰੋਸਾ ਜਤਾਇਆ ਹੈ ਕਿ ਖਜ਼ਾਨਾ ਦਫਤਰ ਵਿੱਚ ਸਕੂਲ ਦਾ ਬਿੱਲ ਲਗਾ ਦਿੱਤਾ ਗਿਆ ਹੈ ਤੇ ਜਲਦ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਕਾਇਆ ਬਿਜਲੀ ਬਿੱਲ ਦਾ ਭੁਗਤਾਨ ਨਾ ਹੋਣ ਕਾਰਨ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਬਕਾਇਆ ਰਕਮ ਜਮ੍ਹਾਂ ਕਰਵਾ ਦਿੱਤੀ ਜਾਵੇਗੀ, ਸਕੂਲ ਦਾ ਬਿਜਲੀ ਕੁਨੈਕਸ਼ਨ ਮੁੜ ਚਾਲੂ ਕਰ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ 15,790 ਰੁਪਏ ਦੇ ਕਰੀਬ ਹੈ, ਪਰ ਇੱਕ ਦਮ ਹੀ ਸਕੂਲ ਦੇ ਬਿਜਲੀ ਕੁਨੈਕਸ਼ਨ ਦਾ ਕੱਟਿਆ ਜਾਣਾ ਸਕੂਲ ਮੈਨੇਜਮੈਂਟ ਅਤੇ ਸਬੰਧਤ ਸਕੂਲ ਵਿਭਾਗ ਦੀ ਢਿੱਲੀ ਕਾਰਜਸ਼ੈਲੀ ’ਤੇ ਕਈ ਸਵਾਲ ਪੈਦਾ ਕਰਦਾ ਹੈ। ਉੱਧਰ, ਸਕੂਲ ਮੁਖੀ ਨੇ ਇਹ ਵੀ ਕਿਹਾ ਕਿ ਸਾਨੂੰ ਕੁਨੈਕਸ਼ਨ ਕੱਟਣ ਸਬੰਧੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਕੋਈ ਨੋਟਿਸ ਜਾਂ ਕਾਲ ਨਹੀਂ ਆਈ। ਬਹਿਰਹਾਲ ਗਲਤੀ ਕਿਸੇ ਦੀ ਵੀ ਹੋਵੇ ਪਰ ਸਰਕਾਰੀ ਸਕੂਲ ਦੇ ਇਸ ਹਾਲਾਤ ਨੇ ਸੂਬਾ ਸਰਕਾਰ ਦੀ ਸਿੱਖਿਆ ਨੀਤੀ ਦੀ ਹਵਾ ਜ਼ਰੂਰ ਕੱਢ ਦਿਤੀ ਹੈ ਜਿੱਥੇ ਬੱਚਿਆਂ ਨੂੰ ਅੱਤ ਦੀ ਗਰਮੀ ਵਿਚ ਬਿਨਾਂ ਪੱਖਿਆਂ ਤੋਂ ਪੜ੍ਹਾਈ ਕਰਨੀ ਪੈ ਰਹੀ ਹੈ। ਸਮੱਸਿਆ ਦਾ ਪੱਕੇ ਤੌਰ ’ਤੇ ਕੱਢਿਆ ਜਾਵੇਗਾ ਹੱਲ : ਸਰਪੰਚ ਜਦੋਂ ਪੰਜਾਬੀ ਜਾਗਰਣ ਵੱਲੋਂ ਪਿੰਡ ਦੇ ਸਰਪੰਚ ਅੰਮ੍ਰਿਤ ਪਾਲ ਸਿੰਘ ਚੀਮਾ ਨਾਲ ਇਸ ਸਮੱਸਿਆ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਵੀ ਇਸ ਬਾਬਤ ਅੱਜ ਹੀ ਪਤਾ ਚੱਲਿਆ ਹੈ ਤੇ ਜਲਦ ਹੀ ਇਸ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਕੱਢਿਆ ਜਾਵੇਗਾ। ਪਿੰਡ ਵਾਸੀਆਂ ਅਤੇ ਮਾਪਿਆਂ ਨੇ ਕਿਹਾ ਕਿ ਸਰਕਾਰੀ ਸਕੂਲ ਵਰਗੀਆਂ ਸੰਸਥਾਵਾਂ ਦੀ ਬਿਜਲੀ ਬੰਦ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਬੰਧਤ ਵਿਭਾਗ ਅਤੇ ਸਕੂਲ ਮੈਨੇਜਮੈਂਟ ਇਸ ਸਮੱਸਿਆ ਦਾ ਤੁਰੰਤ ਹੱਲ ਕਰੇ ਅਤੇ ਸਕੂਲ ਦੀ ਬਿਜਲੀ ਸਪਲਾਈ ਜਲਦ ਤੋਂ ਜਲਦ ਬਹਾਲ ਕੀਤੀ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।