ਐੱਸਆਈਆਰ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਚੋਣ ਰੋਲ ਆਬਜ਼ਰਵਰ ਰਾਹੁਲ ਭੰਡਾਰੀ ਨੇ ਐਸ.ਆਈ.ਆਰ.-2026 ਦੀ ਪ੍ਰਗਤੀ ਦਾ ਜਾਇਜ਼ਾ ਲਿਆ
Publish Date: Tue, 29 Sep 2026 06:38 PM (IST)
Updated Date: Tue, 29 Sep 2026 06:39 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਕਪੂਰਥਲਾ ਜ਼ਿਲ੍ਹੇ ਦੇ ਚੋਣ ਰੋਲ ਆਬਜ਼ਰਵਰ ਰਾਹੁਲ ਭੰਡਾਰੀ ਨੇ ਅੱਜ ਚੱਲ ਰਹੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਇੱਕ ਵਿਸਥਾਰਿਤ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਹੁਲ ਭੰਡਾਰੀ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਦੇ ਨਾਲ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਐੱਸਆਈਆਰ ਤਹਿਤ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਤੋਂ ਜਾਰੀ ਕੀਤੇ ਗਏ ਨੋਟਿਸਾਂ, ਕੀਤੀਆਂ ਗਈਆਂ ਸੁਣਵਾਈਆਂ, ਦਸਤਾਵੇਜ਼ਾਂ ਦੀ ਪੜਤਾਲ, ਬੂਥ ਲਵਲ ਅਫ਼ਸਰਾਂ ਵੱਲੋਂ ਅਪਲੋਡ ਕੀਤੇ ਪੱਤਰਾਂ, ਅਯੋਗ ਵੋਟਰਾਂ ਦੀ ਪਛਾਣ ਤੇ ਸੁਧਾਈ ਮੁਹਿੰਮ ਦੇ ਹੋਰ ਸਬੰਧਤ ਪਹਿਲੂਆਂ ਬਾਰੇ ਫੀਡਬੈਕ ਹਾਸਲ ਕੀਤੀ। ਚੋਣ ਰੋਲ ਆਬਜ਼ਰਵਰ ਨੇ ਜ਼ੋਰ ਦੇ ਕੇ ਕਿਹਾ ਕਿ ਐੱਸਆਈਆਰ ਮੁਹਿੰਮ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵੋਟਰ ਸੂਚੀਆਂ ਸਹੀ ਤੇ ਅਪਡੇਟ ਰਹਿਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀਆਂ ਤੋਂ ਬਾਹਰ ਨਾ ਰਹੇ ਤੇ ਹਰ ਯੋਗ ਬਿਨੈਕਾਰ ਨੂੰ ਨਿਰਧਾਰਤ ਪ੍ਰਕਿਰਿਆ ਅਨੁਸਾਰ ਬਣਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ। ਫਾਰਮ ਨੰ 6 ਤੇ ਹੋਰਨਾਂ ਰਾਹੀਂ ਦਾਖਲ ਕੀਤੀਆਂ ਅਰਜ਼ੀਆਂ ਦੀ ਸਥਿਤੀ ਦੀ ਸਮੀਖਿਆ ਕਰਦਿਆਂ, ਚੋਣ ਰੋਲ ਆਬਜ਼ਰਵਰ ਨੇ ਈਆਰਓਜ਼ ਤੇ ਏਈਆਰਓਜ਼ ਨੂੰ ਹਦਾਇਤ ਕੀਤੀ ਕਿ ਯੋਗ ਵਿਅਕਤੀਆਂ ਦੀਆਂ ਅਰਜ਼ੀਆਂ ਨੂੰ ਬਿਨਾਂ ਕਿਸੇ ਠੋਸ ਤੇ ਜਾਇਜ਼ ਆਧਾਰ ਦੇ ਰੱਦ ਨਾ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਰਧਾਰਤ ਦਸਤਾਵੇਜ਼ਾਂ ਤੇ ਯੋਗਤਾ ਸ਼ਰਤਾਂ ਦੀ ਸਹੀ ਪੜਤਾਲ ਤੋਂ ਬਾਅਦ ਹਰ ਅਰਜ਼ੀ ਦੀ ਸਹੀ ਤੌਰ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨੋਟਿਸਾਂ ਤੇ ਇਤਰਾਜ਼ਾਂ ਦਾ ਸਮੇਂ ਸਿਰ ਨਿਪਟਾਰਾ ਕਰਨ, ਦਸਤਾਵੇਜ਼ਾਂ ਦੀ ਪੜਤਾਲ ਪੂਰੀ ਕਰਨ ਤੇ ਵੋਟਰ ਸੂਚੀ ਸੁਧਾਈ ਪ੍ਰਣਾਲੀ ਤੇ ਸਾਰੀ ਸੰਬੰਧਤ ਜਾਣਕਾਰੀ ਅਪਡੇਟ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਮੀਨੀ ਪੱਧਰ ਤੇ ਨੇੜਿਓਂ ਨਿਗਰਾਨੀ ਰੱਖਣ ਦੀ ਮੰਗ ਵੀ ਕੀਤੀ ਤਾਂ ਜੋ ਲੰਬਿਤ ਕੇਸਾਂ ਦਾ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਨਿਪਟਾਰਾ ਕੀਤਾ ਜਾ ਸਕੇ। ਮੀਟਿੰਗ ਦੌਰਾਨ, ਆਬਜ਼ਰਵਰ ਨੇ ਈਆਰਓ ਸੁਲਤਾਨਪੁਰ ਲੋਧੀ ਜਸਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ 8 ਅਕਤੂਬਰ ਤੋਂ ਕਾਫ਼ੀ ਪਹਿਲਾਂ ਐੱਸਆਈਆਰ ਅਭਿਆਸ ਨੂੰ 100 ਫੀਸਦੀ ਪੂਰਾ ਕਰਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਟੀਚਾ ਪ੍ਰਾਪਤ ਕਰਨ ਵਿੱਚ ਚੋਣ ਅਧਿਕਾਰੀਆਂ ਤੇ ਖੇਤਰੀ ਅਮਲੇ ਦੇ ਤਾਲਮੇਲ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਬਾਕੀ ਵਿਧਾਨ ਸਭਾ ਹਲਕਿਆਂ ਦੀਆਂ ਟੀਮਾਂ ਨੂੰ ਵੀ ਇਸੇ ਪਹੁੰਚ ਨੂੰ ਅਪਣਾਉਣ ਤੇ ਆਪਣੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਹੋਰ ਸਾਰੇ ਈਆਰਓ ਨੂੰ ਹਦਾਇਤ ਕੀਤੀ ਕਿ ਉਹ ਬਕਾਇਆ ਐੱਸਆਈਆਰ ਕਾਰਜ ਨੂੰ ਜਲਦੀ ਤੋਂ ਜਲਦੀ ਤੇ 8 ਅਕਤੂਬਰ ਦੀ ਨਿਰਧਾਰਤ ਅੰਤਿਮ ਮਿਤੀ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਨ। ਉਨ੍ਹਾਂ ਮੁਹਿੰਮ ਦੀ ਪ੍ਰਗਤੀ ਦੀ ਨਿਯਮਤ ਨਿਗਰਾਨੀ ਕਰਨ ਦੀ ਮੰਗ ਕੀਤੀ ਤੇ ਅਧਿਕਾਰੀਆਂ ਨੂੰ ਲੰਬਿਤ ਪੜਤਾਲ ਤੇ ਸੁਣਵਾਈ ਦੇ ਮਾਮਲਿਆਂ ਨੂੰ ਪਹਿਲ ਦੇਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਐੱਸਆਈਆਰ-2026 ਦੀ ਪ੍ਰਗਤੀ ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਤੇ ਮੁਹਿੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ।