- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਦਾਬਹਾਰ ਗਾਇਕ ਮੁਹੰਮਦ ਰਫੀ ਦੀ 46ਵੀਂ ਬਰਸੀ ਮੌਕੇ ਕਰਵਾਇਆ ‘ਇੱਕ ਸ਼ਾਮ, ਰਫੀ ਦੇ ਨਾਮ’ ਸਮਾਗਮ

‘ਇੱਕ ਸ਼ਾਮ, ਰਫੀ ਦੇ ਨਾਮ’ ਸਮਾਗਮ ਕਰਵਾਇਆ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਹਿੰਦੀ ਤੇ ਪੰਜਾਬੀ ਗੀਤਾਂ ਦੇ ਸਦਾਬਹਾਰ ਗਾਇਕ ਮੁਹੰਮਦ ਰਫੀ ਦੀ 46ਵੀਂ ਬਰਸੀ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ‘ਇੱਕ ਸ਼ਾਮ ਰਫੀ ਦੇ ਨਾਮ’ ਸਮਾਗਮ ਦਾ ਆਯੋਜਨ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਕੀਤਾ ਗਿਆ। ਇਸ ਦੀ ਆਰੰਭਤਾ ਸਿਟੀ ਕੇਬਲ ਦੇ ਡਾਇਰੈਕਟਰ ਐੱਚਐੱਸ ਬਸਰਾ ਤੇ ਪ੍ਰਸਿੱਧ ਗਾਇਕ ਵਿਜੇ ਸ਼ਰਮਾ ਵੱਲੋਂ ਸ਼ਮਾਂ ਰੌਸ਼ਨ ਕਰਕੇ ਕਰਵਾਈ ਗਈ। ਉਨ੍ਹਾਂ ਦਾ ਸਾਥ ਭਾਈ ਮਨਜੀਤ ਸਿੰਘ, ਗਾਇਕ ਦੇਵੀ ਦਾਸ ਤੇ ਕੁਲਵਿੰਦਰ ਸਿੱਧੂ ਨੇ ਦਿੱਤਾ। ਉਪਰੰਤ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਮਹਿਫਿਲ ਦਾ ਆਗਾਜ਼ ਹੋਇਆ।
ਪ੍ਰੋਗਰਾਮ ਦੌਰਾਨ ਸੰਗੀਤ ਪ੍ਰੇਮੀਆਂ ਨੇ ਰਫੀ ਦੇ ਗੀਤਾਂ ਨੂੰ ਬੜੇ ਚਾਵਾਂ ਨਾਲ ਗਾਇਆ ਤੇ ਸੁਣਿਆ। ਸਭ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਨੇ ਰਫੀ ਦਾ ਧਾਰਮਿਕ ਗੀਤ ‘ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ’ ਸਰਵਣ ਕਰਵਾਇਆ। ਬਿਰਧ ਗਾਇਕ ਸੁਦੇਸ਼ ਓਹਰੀ ਨੇ ਰਫੀ ਦੇ ਜੀਵਨ ਨਾਲ ਜੁੜੇ ਕਿੱਸੇ ਤੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ। ਉਪਰੰਤ ਉਨ੍ਹਾਂ ਨੇ ਰਫੀ ਦਾ ਪ੍ਰਸਿੱਧ ਗੀਤ ‘ਸੁਖ ਕੇ ਸਭ ਸਾਥੀ, ਦੁਖ ਮੇਂ ਨਾ ਕੋਈ’ ਨਾਲ ਪ੍ਰਮਾਤਮਾ ਨੂੰ ਧਿਆਇਆ। ਵਿਜੇ ਸ਼ਰਮਾ ਨੇ ‘ਨਾ ਕਿਸੀ ਕੀ ਆਂਖ ਕਾ ਨੂਰ ਹੂੰ’ ਨਾਲ ਦਰਦ ਦੇ ਤਾਰ ਛੇੜੇ ਤਾਂ ਜਤਿੰਦਰ ਗੁਪਤਾ ਨੇ ਝਿਲਮਿਲ ਸਿਤਾਰੋਂ ਕਾ ਆਂਗਨ ਹੋਇਆ ਨਾਲ ਮੰਤਰ ਮੁਗਧ ਕੀਤਾ। ਕੁਲਵਿੰਦਰ ਸਿੱਧੂ ਨੇ ‘ਇਸ਼ਾਰੋਂ-ਇਸ਼ਾਰੋਂ ਮੇਂ ਦਿਲ ਲੇਨੇ ਵਾਲੇ’, ਦੇਵੀ ਦਾਸ ਨੇ ਗਮ ਉਠਾਨੇ ਕੇ ਲਿਏ ਮੈਂ ਤੋ ਜੀਏ ਜਾਉਂਗਾ’, ਤੇ ਮਨਜੀਤ ਸਿੰਘ ਨੇ ‘ਛਲਕਾਏ ਜਾਮ’ ਵਰਗੇ ਸਦਾਬਹਾਰ ਗੀਤਾਂ ਨਾਲ ਸਮਾਂ ਬੰਨ੍ਹਿਆ। ਇਸ ਤੋਂ ਇਲਾਵਾ ਬਜ਼ੁਰਗ ਗਾਇਕ ਅਸ਼ੋਕ ਕਾਲੀ, ਸੰਜੀਵ ਚੱਢਾ, ਡਿਊਟ ਜੋੜੀ ਭੁਪਿੰਦਰ ਤੇ ਬੱਬੀ ਬਨਵੈਤ, ਰਾਜੂ ਖੱਟੜ ਤੇ ਕੋਰਸ, ਫਰੈਂਡਜ ਸਿੰਗਰ ਕਲੱਬ ਦੇ ਮੈਂਬਰਾਂ ਨਰੇਸ਼ ਕੁਮਾਰ, ਮੋਨਿਕਾ ਠਾਕੁਰ, ਮੀਨੂੰ ਅਰੋੜਾ, ਮੀਨੂੰ ਮਨਖੰਡ, ਬਿੱਟੂ ਤੇ ਰਾਜੂ ਨੇ ਆਪੋ-ਆਪਣੇ ਮਨਪਸੰਦ ਗੀਤਾਂ ਰਾਹੀਂ ਸਵ. ਮੁਹੰਮਦ ਰਫੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਖੀਰ ਵਿੱਚ ਮਲਕੀਅਤ ਸਿੰਘ ਰਗਬੋਤਰਾ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗਜਾਨੰਦ ਅੱਗਰਵਾਲ, ਨਿਰਵੈਰ ਸਿੰਘ ਨੱਢਾ, ਟੀ.ਡੀ. ਚਾਵਲਾ, ਵਿਸ਼ਵਾ ਮਿੱਤਰ ਸ਼ਰਮਾ, ਵੰਦਨਾ ਸ਼ਰਮਾ, ਸੁਮਨ ਸ਼ਰਮਾ, ਅਨੀਤਾ ਗੁਪਤਾ, ਧੀਰਜ ਕੁਮਾਰੀ, ਮਨੋਜ ਮਿੱਢਾ, ਡਾ. ਅਸ਼ੋਕ ਗੁੰਬਰ, ਮੋਹਨ ਲਾਲ ਤਨੇਜਾ, ਰੂਪ ਲਾਲ ਤੋਂ ਇਲਾਵਾ ਰੋਟਰੀ ਕਲੱਬ ਸਾਊਥ ਈਸਟ ਤੇ ਰੋਟਰੀ ਕਲੱਬ ਸੈਂਟਰਲ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
ਰਫੀ ਨੇ ਹਿੰਦੀ ਫਿਲਮ ਜਗਤ ’ਤੇ ਕੀਤਾ ਰਾਜ
ਮੁਹੰਮਦ ਰਫੀ ਦਾ ਜਨਮ 24 ਦਸੰਬਰ 1924 ਨੂੰ ਪਿੰਡ ਕੋਟਲਾ ਸੁਲਤਾਨ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਸਿਰਫ ਤੇਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਪ੍ਰਸਿੱਧ ਗਾਇਕ ਕੇਐੱਲ ਸਹਿਗਲ ਦੀ ਸਟੇਜ ’ਤੇ ਗੀਤ ਗਾ ਕੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤੀ। ਰਫੀ ਨੇ ਪਹਿਲਾ ਫਿਲਮੀ ਗੀਤ ਪੰਜਾਬੀ ਫਿਲਮ ਲਈ ਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਹਿੰਦੀ ਫਿਲਮ ਜਗਤ ’ਤੇ ਰਾਜ ਕੀਤਾ ਤੇ ਇੱਕ ਤੋਂ ਵਧ ਕੇ ਇੱਕ ਯਾਦਗਾਰ ਗੀਤ ਗਾਏ। ਇੰਨਾ ਵਿੱਚ ਕਈ ਖੇਤਰੀ ਭਾਸ਼ਾਵਾਂ ਦੇ ਗੀਤ ਤੇ ਭਜਨ ਵੀ ਸ਼ਾਮਲ ਹਨ। ਨਰਮ ਸੁਭਾਅ ਦੇ ਮਾਲਕ ਮੁਹੰਮਦ ਰਫ਼ੀ ਨੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਦਿਆਂ 31 ਜੁਲਾਈ 1980 ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ।