ਮਿਡ ਡੇ ਮੀਲ ਵਰਕਰ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Publish Date: Sat, 22 Aug 2026 08:25 PM (IST)
Updated Date: Sat, 22 Aug 2026 08:27 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਫਗਵਾੜਾ ਵੱਲੋਂ ਅੱਜ ਸਥਾਨਕ ਟਾਊਨ ਹਾਲ ਵਿਖੇ ਇਕੱਠ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਵਰਕਰਾਂ ਨੇ ਜੀਟੀ ਰੋਡ ਚੌਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡੀਐੱਮਐੱਫ ਦੇ ਆਗੂ ਗੁਰਮੁਖ ਲੋਕ ਪ੍ਰੇਮੀ, ਡੀਟੀਐੱਫ ਦੇ ਆਗੂ ਜਤਿੰਦਰ ਕੁਮਾਰ, ਤਰਕਸ਼ੀਲ ਸੁਸਾਇਟੀ ਦੇ ਆਗੂ ਸੁਖਦੇਵ ਫਗਵਾੜਾ ਤੇ ਜਸਵਿੰਦਰ ਫਗਵਾੜਾ ਵੀ ਮੌਜੂਦ ਰਹੇ। ਮਿਡ ਡੇ ਮੀਲ ਵਰਕਰ ਯੂਨੀਅਨ ਦੀ ਆਗੂ ਰਾਜਵਿੰਦਰ ਕੌਰ ਤੇ ਫਗਵਾੜਾ ਦੀ ਜਨਰਲ ਸਕੱਤਰ ਅਨੀਤਾ ਦੇਵੀ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ, ਪਰ ਸਰਕਾਰ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਮਿਡ ਡੇ ਮੀਲ ਵਰਕਰਾਂ ਦੇ ਮਾਣ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਸਰਕਾਰ ਬਣਨ ਉਪਰੰਤ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆ ਕੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ। ਅੱਠਵੀਂ ਪਾਸ ਮਿਡ ਡੇ ਮੀਲ ਵਰਕਰਾਂ ਨੂੰ ਪ੍ਰਮੋਟ ਕਰਕੇ ਸਕੂਲਾਂ ਵਿੱਚ ਸੇਵਾਦਾਰ ਵਜੋਂ ਪੱਕਾ ਕੀਤਾ ਜਾਵੇ ਤੇ ਹਰ ਵਰਕਰ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ। ਇਸ ਮੌਕੇ ਮਿਡ ਡੇ ਮੀਲ ਵਰਕਰਾਂ ਦੀ ਹਮਾਇਤ ਵਿੱਚ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਸਫ਼ਾਈ ਵਰਕਰ ਵੀ ਸ਼ਾਮਲ ਹੋਏ। ਸਫ਼ਾਈ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਿਸੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ 100 ਤੋਂ ਇੱਕ ਵੀ ਘੱਟ ਹੋਣ ਤੇ ਉਨ੍ਹਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਆਪਣੀਆਂ ਸੇਵਾਵਾਂ ਪੱਕੀਆਂ ਕਰਨ ਤੇ ਘੱਟੋ-ਘੱਟ 10 ਹਜ਼ਾਰ ਰੁਪਏ ਮਹੀਨਾ ਉਜਰਤ ਦੇਣ ਦੀ ਮੰਗ ਕੀਤੀ। ਆਗੂਆਂ ਨੇ ਐਲਾਨ ਕੀਤਾ ਕਿ 8 ਸਤੰਬਰ ਨੂੰ ਚੰਡੀਗੜ੍ਹ ਵਿਖੇ ਮਾਣ ਭੱਤਾ ਵਰਕਰਾਂ ਦੀ ਸਰਕਾਰ ਵਿਰੁੱਧ ਵੱਡੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਕੌਰ, ਜਸਵਿੰਦਰ ਕੌਰ, ਪੂਜਾ, ਰਜਿੰਦਰ ਕੌਰ, ਕਿਰਨ, ਰਮਨਜੀਤ ਕੌਰ, ਮਨਦੀਪ ਕੌਰ, ਮਨਵਿੰਦਰ ਕੌਰ, ਜੋਤੀ ਸਮੇਤ ਵੱਡੀ ਗਿਣਤੀ ਵਿੱਚ ਮਿਡ ਡੇ ਮੀਲ ਵਰਕਰ ਹਾਜ਼ਰ ਸਨ।