ਸਪੈਸ਼ਲ ਐਜੂਕੇਟਰਾਂ ਨਾਲ ਧੋਖਾ ਕਰ ਰਿਹੈ ਸਿੱਖਿਆ ਵਿਭਾਗ : ਕਿਰਨਪਾਲ ਸਿੰਘ
ਸਿੱਖਿਆ ਵਿਭਾਗ ਸਪੈਸ਼ਲ ਐਜੂਕੇਟਰਾਂ ਨਾਲ ਧੋਖਾ ਕਰ ਰਹੀ ਹੈ : ਕਿਰਨਪਾਲ ਸਿੰਘ
Publish Date: Wed, 21 Jan 2026 08:22 PM (IST)
Updated Date: Thu, 22 Jan 2026 04:13 AM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਪੈਸ਼ਲ ਐਜੂਕੇਟਰ ਅਧਿਆਪਕ ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਤਨਦੇਹੀ ਨਾਲ ਸੇਵਾਵਾਂ ਦੇ ਰਹੇ ਹਨ ਪਰ ਹੁਣ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਅਣਉਚਿਤ ਕਰਾਰ ਦੇ ਕੇ ਨਵੇਂ ਐਜੂਕੇਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਜੋ ਕਿ ਇਕ ਬਹੁਤ ਵੱਡਾ ਧੋਖਾ ਹੈ। ਇਸ ਸੰਬੰਧੀ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕਰਨ ਲਈ ਸਪੈਸ਼ਲ ਐਜੂਕੇਟਰਾਂ ਦੀ ਮੀਟਿੰਗ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਕਿਰਨਪਾਲ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ ਸਿੱਖਿਆ ਵਿਭਾਗ ਦੇ ਇਸ ਤਾਨਾਸ਼ਾਹੀ ਫ਼ੈਸਲੇ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆਂ ਪ੍ਰਧਾਨ ਕਿਰਨਪਾਲ ਸਿੰਘ ਨੇ ਕਿਹਾ ਪੁਰਾਣੇ ਐਜੂਕੇਟਰਾਂ ਦੀ ਥਾਂ ਤੇ ਨਵੇਂ ਐਜੂਕੇਟਰ ਭਰਤੀ ਕੀਤੇ ਜਾ ਰਹੇ ਯਤਨਾਂ ਕਾਰਨ ਭਾਰੀ ਤਣਾਅ ਕਾਰਨ ਸਾਡੇ ਸਾਥੀ ਹਰੀਸ਼ ਸਿੰਗਲਾ ਤੇ ਰਕੇਸ਼ ਕੋਹਲੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਿੱਖਿਆ ਵਿਭਾਗ ਪੰਜਾਬ ਸਿੱਧੇ ਤੌਰ ਤੇ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਿਹੜੇ ਐਜੂਕੇਟਰ ਪਿਛਲੇ 20 ਸਾਲਾਂ ਤੋਂ ਸਕੂਲਾਂ ’ਚ ਸ਼ਾਨਦਾਰ ਸੇਵਾਵਾਂ ਦੇ ਰਹੇ ਸਨ ਹੁਣ ਕਿਸ ਤਰ੍ਹਾਂ ਅਣਉਚਿਤ ਹੋ ਗਏ। ਇਸ ਮੌਕੇ ਮੰਗ ਕੀਤੀ ਗਈ ਕਿ ਪਿਛਲੇ 20 ਸਾਲਾਂ ਤੋਂ ਸੇਵਾਵਾਂ ਦੇ ਰਹੇ ਐਜੂਕੇਟਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ ਤੇ ਜਾਣ ਗੁਵਾਉਣ ਵਾਲੇ ਐਜੂਕੇਟਰਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਰਾਜੀਵ ਪਠਾਣੀਆਂ, ਰਮੇਸ਼ ਕੰਬੋਜ, ਜਸਪਾਲ ਸਿੰਘ, ਬਲਜੀਤ ਸਿੰਘ, ਜੁਗਿੰਦਰ ਸਿੰਘ ਆਦਿ ਹਾਜ਼ਰ ਸਨ ।