ਜੀਡੀਆਰ ਸਕੂਲ ’ਚ ਸ਼ਰਧਾ ਨਾਲ ਮਨਾਇਆ ਦੁਸਹਿਰਾ ਜੀ.ਡੀ.ਆਰ. ਸਕੂਲ ਵਿੱਚ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ
Publish Date: Tue, 20 Oct 2026 06:50 PM (IST)
Updated Date: Tue, 20 Oct 2026 06:51 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਰੂਪ-ਰੇਖਾ ਜੈਸਮੀਨ ਹਾਊਸ ਦੀ ਇੰਚਾਰਜ ਮੈਡਮ ਹਰਪ੍ਰੀਤ ਵੱਲੋਂ ਤਿਆਰ ਕੀਤੀ ਗਈ। ਇਸ ਵਿਸ਼ੇਸ਼ ਮੌਕੇ ’ਤੇ ਡੈਫੋਡਿਲ ਹਾਊਸ ਦੀ ਅਗਵਾਈ ਹੇਠ ਇੱਕ ਵਿਸ਼ਾਲ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਹਿਲੀ ਤੋਂ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਅੱਠਵੀਂ ਜਮਾਤ ਦੀ ਸਹਿਜਦੀਪ ਕੌਰ ਨੇ ਦੁਸਹਿਰੇ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਤਿਉਹਾਰ ਝੂਠ ’ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਸਕੂਲ ਦੇ ਵਿਹੜੇ ਵਿੱਚ ਭਗਵਾਨ ਸ੍ਰੀ ਰਾਮ, ਮਾਤਾ ਸੀਤਾ, ਲਕਸ਼ਮਣ ਤੇ ਹਨੂਮਾਨ ਜੀ ਦੀਆਂ ਵੇਸ਼ਭੂਸ਼ਾਵਾਂ ਵਿੱਚ ਸਜੇ ਵਿਦਿਆਰਥੀਆਂ ਵੱਲੋਂ ਰਾਮਾਇਣ ’ਤੇ ਆਧਾਰਿਤ ਇੱਕ ਲਘੂ ਨਾਟਕ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਤੇ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਪੂਰਾ ਸਕੂਲ ਭਗਤੀਮਈ ਹੋ ਗਿਆ। ਇਸ ਨਾਟਕ ਰਾਹੀਂ ਵਿਦਿਆਰਥੀਆਂ ਨੇ ਭਾਰਤੀ ਸੱਭਿਆਚਾਰ, ਧਾਰਮਿਕ ਪਰੰਪਰਾਵਾਂ ਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਮਾਧਵੀ ਜੀ ਨੇ ਸਾਰਿਆਂ ਨੂੰ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸੱਚਾਈ, ਅਹਿੰਸਾ ਤੇ ਸਦਾਚਾਰ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਤੇ ਬੁਰਾਈਆਂ ਦਾ ਤਿਆਗ ਕਰਕੇ ਪਿਆਰ, ਸ਼ਾਂਤੀ ਤੇ ਸਦਭਾਵਨਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।