ਬਰਨਾਲਾ ਲਾਠੀਚਾਰਜ ਦੇ ਰੋਸ ’ਚ ਕਾਲਾ ਸੰਘਿਆਂ ਰਿਹਾ ਮੁਕੰਮਲ ਬੰਦ ਬਰਨਾਲਾ ਲਾਠੀਚਾਰਜ ਦੇ ਰੋਸ "ਚ ਬੰਦ ਦੇ ਸੱਦੇ ਦੌਰਾਨ ਬੰਦ ਦੌਰਾਨ ਕਾਲ਼ਾ ਸੰਘਿਆਂ ਰਿਹਾ ਮੁਕੰਮਲ ਬੰਦ
Publish Date: Thu, 30 Jul 2026 07:49 PM (IST)
Updated Date: Thu, 30 Jul 2026 07:52 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਪਿਛਲੇ ਦਿਨੀਂ ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ’ਤੇ ਪੰਜਾਬ ਪੁਲਿਸ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਅਤੇ ਉੱਥੇ ਮੌਜੂਦ ਡੀਐੱਸਪੀ ਵੱਲੋਂ ਔਰਤਾਂ ’ਤੇ ਲਾਠੀਆਂ ਨਾਲ ਸਿਰ ’ਚ ਕੀਤੇ ਅੰਨ੍ਹੇਵਾਹ ਵਾਰ ਦੇ ਰੋਸ ਵਜੋਂ ਡੀਐੱਸਪੀ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਦਲਿਤ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੀ ਦਿੱਤੀ ਕਾਲ ਦੌਰਾਨ ਕਾਲਾ ਸੰਘਿਆਂ ਵਿਖੇ ਮੈਡੀਕਲ ਤੇ ਹੈਲਥ ਕਲੀਨਿਕ ਨੂੰ ਛੱਡ ਕੇ ਬਾਕੀ ਸਾਰੀ ਮਾਰਕੀਟ ਦੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਇਸ ਮੌਕੇ ਸਵੇਰੇ ਕੁਝ ਕੁ ਦੁਕਾਨਾਂ ਦੁਕਾਨਦਾਰਾਂ ਵੱਲੋਂ ਖੋਲ੍ਹੀਆਂ ਗਈਆਂ ਪਰ ਭੀਮ ਅਜ਼ਾਦ ਫੋਰਸ ਸੰਗਠਨ ਦੇ ਪ੍ਰਧਾਨ ਲਾਲਾ ਕੁਰਾਲੀ ਤੇ ਹੋਰ ਨੌਜਵਾਨਾਂ ਵੱਲੋਂ ਦੁਕਾਨਦਾਰਾਂ ਨੂੰ ਪਿਆਰ ਤੇ ਸਤਿਕਾਰ ਨਾਲ ਦੁਕਾਨਾਂ ਬੰਦ ਕਰਨ ਤੇ ਬਰਨਾਲਾ ਵਿਖੇ ਹੋਏ ਪੁਲਿਸ ਤਸ਼ੱਦਦ ਬਾਰੇ ਦੱਸਿਆ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਬਰਨਾਲਾ ਲਾਠੀਚਾਰਜ ਦੀ ਨਿੰਦਿਆ ਕਰਦਿਆਂ ਦੁਕਾਨਾਂ ਬੰਦ ਕਰ ਦਿੱਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਲਾਲਾ ਕੁਰਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਖਾਸ ਕਰ ਕੇ ਮੁੱਖ ਮੰਤਰੀ ਨੂੰ ਸ਼ਰਮ ਆਉਂਣੀ ਚਾਹੀਦੀ ਹੈ। ਇਸ ਘਟਨਾ ਦੇ ਇੰਨੇ ਦਿਨ ਬੀਤਣ ’ਤੇ ਵੀ ਸਰਕਾਰ ਤੇ ਡੀਜੀਪੀ ਵੱਲੋਂ ਅੰਨ੍ਹੇਵਾਹ ਸਿਰ ਵਿੱਚ ਡਾਂਗਾਂ ਮਾਰ ਕੇ ਔਰਤਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਡੀਐੱਸਪੀ ਤੇ ਐੱਸਐੱਚਓ ਤੇ ਹੋਰ ਪੁਲਿਸ ਮੁਲਾਜ਼ਮਾਂ ’ਤੇ ਬਣਦੀ ਕਾਰਵਾਈ ਨਾ ਕਰਨਾ ਸਾਫ਼ ਦਰਸਾਉਂਦਾ ਹੈ ਕਿ ਇਹ ਸਭ ਮੁੱਖ ਮੰਤਰੀ ਦੇ ਕਹਿਣ ’ਤੇ ਹੋਇਆ ਜੋ ਬੇਹੱਦ ਮੰਦਭਾਗਾ ਹੈ। ਉਹਨਾਂ ਕਿਹਾ ਕਿ ਜੇਕਰ ਡੀਐੱਸਪੀ ਸਮੇਤ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭੀਮ ਅਜ਼ਾਦ ਫੋਰਸ ਸੰਗਠਨ ਦੇ ਪ੍ਰਧਾਨ ਲਾਲਾ ਕੁਰਾਲੀ ਦੀ ਅਗਵਾਈ ਵਿੱਚ ਰੇਸ਼ਮ ਕਾਲਾ ਸੰਘਿਆਂ, ਹਰਜਾਪ ਕਾਲਾ ਸੰਘਿਆਂ, ਭਿੰਦਾ, ਮੀਕਾ ਨਿੱਝਰਾਂ, ਮੱਟੂ ਉੱਗੀ ਸਮੇਤ ਵੱਡੀ ਗਿਣਤੀ ਵਿੱਚ ਸਮਾਜਿਕ ਆਗੂ ਤੇ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ। ਪੁਲਿਸ ਚੌਕੀ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਵੱਲੋਂ ਆਪਣੀ ਟੀਮ ਨਾਲ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੂਰਾ ਦਿਨ ਮੁਸਤੈਦੀ ਨਾਲ ਗਸ਼ਤ ਕੀਤੀ ਗਈ।