253 ਅਧਿਆਪਕਾਂ ਨਾਲ਼ ਡਟ ਕੇ ਖੜ੍ਹੇਗੀ ਡੀਟੀਐੱਫ : ਲੋਕਪ੍ਰੇਮੀ 253 ਪੀੜਿਤ ਅਧਿਆਪਕਾਂ ਨਾਲ਼ ਡਟ ਕੇ ਖੜੇਗੀ ਡੀ ਟੀ ਐੱਫ -ਲੋਕਪ੍ਰੇਮੀ
Publish Date: Sat, 31 Oct 2026 08:55 PM (IST)
Updated Date: Sat, 31 Oct 2026 08:56 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਰਕਾਰ ਨੇ ਲੰਘੀ 28 ਅਕਤੂਬਰ ਨੂੰ 4,161 ਭਰਤੀ ਤਹਿਤ ਸੇਵਾ ਨਿਭਾਅ ਰਹੇ 253 ਅਧਿਆਪਕਾਂ ਦੀਆਂ ਸੇਵਾਵਾਂ ਬਿਨਾਂ ਕਸੂਰ ਤੋਂ ਖ਼ਤਮ ਕਰ ਦਿੱਤੀਆਂ ਹਨ, ਜੋ ਕਿ ਇੱਕ ਜ਼ਾਲਮਾਨਾ ਕਰਵਾਈ ਹੈ। ਰੋਜ਼ਗਾਰ ਦੇਣ ਦੀਆਂ ਗਰੰਟੀਆਂ ਦੇਣ ਵਾਲ਼ੀ ਸਰਕਾਰ ਰੁਜ਼ਗਾਰ ਖੋਹਣ ਲੱਗੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਯੂਨਿਟ ਫਗਵਾੜਾ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ, ਮਲਕੀਤ ਸਿੰਘ, ਸਤਨਾਮ ਪਰਮਾਰ, ਜਤਿੰਦਰ ਕੁਮਾਰ, ਹਰਜਿੰਦਰ ਨਿਆਣਾ, ਸੁਖਜਿੰਦਰ ਸਿੰਘ, ਅਕਵਿੰਦਰ ਕੌਰ ਤੇ ਸੁਰਿੰਦਰ ਰਾਮ ਆਦਿ ਨੇ ਕੀਤਾ। ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਪ੍ਰਧਾਨ ਲੋਕਪ੍ਰੇਮੀ ਨੇ ਦੱਸਿਆ ਕਿ ਵਿਭਾਗ ਦੀ ਕਲੈਰੀਕਲ ਗਲਤੀ ਤੇ ਉੱਤਰ ਸੂਚੀਆਂ ਦੇ ਭੰਬਲਭੂਸੇ ਦਾ ਸ਼ਿਕਾਰ ਇਨ੍ਹਾਂ ਅਧਿਆਪਕਾਂ ਨੂੰ ਬਣਾਇਆ ਗਿਆ ਹੈ ਤੇ ਇਹ ਬਹੁਤ ਹੀ ਘਿਨਾਉਣਾ ਕਾਰਜ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੇ ਘਰਾਂ ਵਿੱਚ ਮਾਤਮ ਪਸਾਰ ਦਿੱਤਾ ਹੈ। ਚੰਗੇ ਭਲੇ ਕੰਮ ਕਰਦੇ ਨੌਜਵਾਨਾਂ ਦੇ ਘਰਾਂ ਦੇ ਚੁੱਲਿਆਂ ਵਿੱਚ ਪਾਣੀ ਪਾ ਦਿੱਤਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਤਾਂ ਨਵੀਆਂ ਭਰਤੀਆਂ ਕਰਨ ਦੀ ਬਜਾਏ ਪਹਿਲੇ ਕੰਮ ਕਰ ਰਹੇ ਅਧਿਆਪਕਾਂ ਦਾ ਰੁਜ਼ਗਾਰ ਖੋਹਣਾ ਕਿਵੇਂ ਉਚਿਤ ਹੋ ਸਕਦਾ ਹੈ? ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਇਹ ਫੈਸਲਾ ਰੱਦ ਕਰਕੇ ਅਧਿਆਪਕਾਂ ਦਾ ਰੁਜ਼ਗਾਰ ਸੁਰੱਖਿਅਤ ਕਰਨਾ ਚਾਹੀਦਾ ਹੈ ਤੇ ਇਸ ਮੁੱਦੇ ਉੱਤੇ ਡੀਟੀਐੱਫ ਪੰਜਾਬ ਇਨ੍ਹਾਂ ਪੀੜਤ ਅਧਿਆਪਕਾਂ ਨਾਲ਼ ਡਟ ਕੇ ਖੜ੍ਹੇਗੀ।