ਅਗਾਊਂ ਰਕਮ ਮਿਲੇਗੀ ਤਾਂ ਬਣੇਗਾ ਮਿਡ ਡੇ ਮੀਲ : ਡੀਟੀਐੱਫ ਮਿਡ ਡੇ ਮੀਲ ਦੀ ਸਮੱਸਿਆ ਸਬੰਧੀ ਡੀ.ਟੀ.ਐੱਫ. ਨੇ ਭੇਜਿਆ ਮੰਗ ਪੱਤਰ
Publish Date: Sat, 26 Sep 2026 08:45 PM (IST)
Updated Date: Sat, 26 Sep 2026 08:45 PM (IST)
ਮਿਡ ਡੇ ਮੀਲ ਦੀ ਸਮੱਸਿਆ ਸਬੰਧੀ ਡੀਟੀਐੱਫ ਨੇ ਭੇਜਿਆ ਮੰਗ ਪੱਤਰ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਇੱਕ ਵਫ਼ਦ ਵੱਲੋਂ ਬੀਪੀਈਓ ਦਫ਼ਤਰ ਫਗਵਾੜਾ ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ) ਕਪੂਰਥਲਾ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਵਫ਼ਦ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਸਬੰਧੀ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਵਿਭਾਗੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਵਫ਼ਦ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਮਿਡ ਡੇ ਮੀਲ ਤਿਆਰ ਕਰਨ ਲਈ ਸਕੂਲਾਂ ਨੂੰ ਲੋੜੀਂਦੀ ਰਾਸ਼ੀ ਪ੍ਰਾਪਤ ਨਹੀਂ ਹੋਈ। ਇਸ ਕਾਰਨ ਕਈ ਸਕੂਲਾਂ ਵਿੱਚ ਅਧਿਆਪਕਾਂ ਨੂੰ ਆਪਣੀ ਜੇਬ ਵਿੱਚੋਂ ਖਰਚਾ ਕਰਨਾ ਪੈ ਰਿਹਾ ਹੈ ਜਾਂ ਦੁਕਾਨਦਾਰਾਂ ਤੋਂ ਉਧਾਰ ਲੈ ਕੇ ਮਿਡ ਡੇ ਮੀਲ ਦੀ ਵਿਵਸਥਾ ਚਲਾਉਣੀ ਪੈ ਰਹੀ ਹੈ। ਇਸ ਨਾਲ ਅਧਿਆਪਕਾਂ ਸਿਰ ਵੱਡੀਆਂ ਰਕਮਾਂ ਦੇ ਬਕਾਏ ਖੜ੍ਹੇ ਹੋ ਗਏ ਹਨ। ਆਗੂਆਂ ਨੇ ਕਿਹਾ ਕਿ ਪਹਿਲਾਂ ਚੱਲ ਰਹੀ ਪ੍ਰਕਿਰਿਆ ਨੂੰ ਅਚਾਨਕ ਬਦਲ ਕੇ ਨਵੇਂ ਸਿਸਟਮ ਰਾਹੀਂ ਬਿੱਲ ਤਿਆਰ ਕਰਨ ਤੇ ਵੈਂਡਰ ਬਣਾਉਣ ਲਈ ਕਿਹਾ ਜਾ ਰਿਹਾ ਹੈ। ਇਸ ਕਾਰਨ ਅਧਿਆਪਕਾਂ ਨੂੰ ਬੇਲੋੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਵੱਲੋਂ ਪਹਿਲਾਂ ਕੀਤੇ ਗਏ ਖਰਚੇ ਦੀ ਬਕਾਇਆ ਰਾਸ਼ੀ ਸਧਾਰਨ ਤੇ ਸਰਲ ਪ੍ਰਕਿਰਿਆ ਰਾਹੀਂ ਤੁਰੰਤ ਜਾਰੀ ਕੀਤੀ ਜਾਵੇ ਤੇ ਅੱਗੇ ਤੋਂ ਮਿਡ ਡੇ ਮੀਲ ਚਲਾਉਣ ਲਈ ਲੋੜੀਂਦੀ ਰਾਸ਼ੀ ਅਗਾਊਂ ਮੁਹੱਈਆ ਕਰਵਾਈ ਜਾਵੇ। ਵਫ਼ਦ ਵਿੱਚ ਸ਼ਾਮਲ ਆਗੂਆਂ ਗੁਰਮੁਖ ਲੋਕ ਪ੍ਰੇਮੀ, ਸਤਨਾਮ ਸਿੰਘ ਪਰਮਾਰ, ਜਤਿੰਦਰ ਕੁਮਾਰ ਜੇਕੇ, ਜਸਪਾਲ ਸਿੰਘ ਬੋਹਾਨੀ ਤੇ ਸਨੇਹਲਤਾ ਆਦਿ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਬਕਾਏ ਦੀ ਅਦਾਇਗੀ ਤੇ ਮਿਡ ਡੇ ਮੀਲ ਲਈ ਅਗਾਊਂ ਰਾਸ਼ੀ ਪ੍ਰਾਪਤ ਹੋਣ ਤੱਕ ਸਕੂਲਾਂ ਵਿੱਚ ਮਿਡ ਡੇ ਮੀਲ ਬੰਦ ਰੱਖਣ ਸਬੰਧੀ ਸੂਚਨਾ ਵੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਡੀਟੀਐੱਫ ਆਗੂਆਂ ਨੇ ਸਮੂਹ ਅਧਿਆਪਕ ਵਰਗ ਨੂੰ ਆਪਣੀਆਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਲਈ ਇਕਜੁੱਟ ਹੋ ਕੇ ਜਥੇਬੰਦਕ ਸੱਦੇ ਲਾਗੂ ਕਰਨ ਦੀ ਅਪੀਲ ਵੀ ਕੀਤੀ।