ਤਿਉਹਾਰਾਂ ਦੇ ਦਿਨਾਂ ’ਚ ਕਰੋ ਸੁਰੱਖਿਅਤ ਡਰਾਈਵਿੰਗ: ਹਾਈਵੇ ਇੰਚਾਰਜ ਏਐੱਸਆਈ ਮੱਖਣ ਸਿੰਘ ਤਿਉਹਾਰਾਂ ਦੇ ਦਿਨਾਂ ’ਚ ਕਰੋ ਸੁਰੱਖਿਅਤ ਡਰਾਈਵਿੰਗ: ਹਾਈਵੇ ਇੰਚਾਰਜ ਏਐੱਸਆਈ ਮੱਖਣ ਸਿੰਘ
Publish Date: Wed, 21 Oct 2026 06:53 PM (IST)
Updated Date: Wed, 21 Oct 2026 06:54 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਤਿਉਹਾਰਾਂ ਦੇ ਦਿਨਾਂ ਦੌਰਾਨ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਵਧ ਜਾਂਦੀ ਹੈ। ਅਜਿਹੇ ਸਮੇਂ ਦੌਰਾਨ ਸੜਕ ਹਾਦਸਿਆਂ ਤੋਂ ਬਚਣ ਲਈ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਹਾਈਵੇ ਚਹੇੜੂ ਪੁਲਿਸ ਇੰਚਾਰਜ ਏਐੱਸਆਈ ਮੱਖਣ ਸਿੰਘ ਨੇ ਪੰਜਾਬੀ ਜਾਗਰਣ ਨਾਲ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੀਆਂ ਖੁਸ਼ੀਆਂ ਦੌਰਾਨ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਤੇਜ਼ ਰਫ਼ਤਾਰ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਦੋਪਹੀਆ ਵਾਹਨ ਚਾਲਕ ਹੈਲਮਟ ਦੀ ਵਰਤੋਂ ਕਰਨ ਅਤੇ ਕਾਰ ਚਾਲਕ ਸੀਟ ਬੈਲਟ ਜ਼ਰੂਰ ਲਗਾਉਣ। ਇਸ ਤੋਂ ਇਲਾਵਾ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਏਐੱਸਆਈ ਮੱਖਣ ਸਿੰਘ ਨੇ ਕਿਹਾ ਕਿ ਹਾਈਵੇ ’ਤੇ ਵਾਹਨ ਚਲਾਉਂਦੇ ਸਮੇਂ ਅੱਗੇ ਚੱਲ ਰਹੇ ਵਾਹਨ ਤੋਂ ਉਚਿਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਓਵਰਟੇਕ ਕਰਦੇ ਸਮੇਂ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਰਾਤ ਸਮੇਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਵਾਹਨ ਚਾਲਕਾਂ ਨੂੰ ਹੋਰ ਵੀ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਨੂੰ ਖੁਸ਼ੀ ਅਤੇ ਸੁਰੱਖਿਆ ਨਾਲ ਮਨਾਉਣ ਲਈ ਜ਼ਿੰਮੇਵਾਰ ਵਾਹਨ ਚਾਲਕ ਬਣਨ ਅਤੇ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ।