ਡਾ. ਰਘਬੀਰ ਕੌਰ ਦੀ ਪੁਸਤਕ 'ਗਦਰੀ ਸੰਗਰਾਮਣ ਬੀਬੀ ਗੁਲਾਬ ਕੌਰ' ਲੋਕ ਅਰਪਣ
ਡਾ. ਰਘਬੀਰ ਕੌਰ ਦੀ ਪੁਸਤਕ 'ਗਦਰੀ ਸੰਗਰਾਮਣ ਬੀਬੀ ਗੁਲਾਬ ਕੌਰ' ਲੋਕ ਅਰਪਣ
Publish Date: Fri, 20 Feb 2026 08:38 PM (IST)
Updated Date: Fri, 20 Feb 2026 08:42 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕਾਲਾ ਸੰਘਿਆ : ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਕਾਲਾ ਸੰਘਿਆ ਵਿਖੇ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਡਾ. ਰਘਬੀਰ ਕੌਰ ਦੀ ਪੁਸਤਕ ਗਦਰੀ ਸੰਗਰਾਮਣ ਬੀਬੀ ਗੁਲਾਬ ਕੌਰ ਲੋਕ ਅਰਪਣ ਕਰਨ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਬੁਲਾਰੇ ਡਾ. ਰਘਬੀਰ ਕੌਰ (ਸੇਵਾਮੁਕਤ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਲਖਵੀਰ ਸਿੰਘ ਰਤਨਪਾਲ ਇਸ ਸਮਾਗਮ ਦੇ ਪ੍ਰੇਰਕ ਸਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਸੀਤਲ ਸਿੰਘ ਸੰਘਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਡਾਇਰੈਕਟਰ ਡਾ. ਰਾਮ ਮੂਰਤੀ, ਕਾਰਜਕਾਰੀ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ (ਕਾਲਜ), ਕਾਲਜੀਏਟ ਪ੍ਰਿੰਸੀਪਲ ਰਜਿੰਦਰ ਕੌਰ, ਪਬਲਿਕ ਸਕੂਲ ਦੇ ਪ੍ਰਿੰਸੀਪਲ ਕਰੁਣਾ ਕਟੋਚ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਰਹੇ। ਡਾਇਰੈਕਟਰ ਡਾ. ਰਾਮ ਮੂਰਤੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਡਾ. ਰਘਬੀਰ ਕੌਰ ਦੀ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਪੁਸਤਕ ਵਿਚ ਬੀਬੀ ਗੁਲਾਬ ਕੌਰ ਦੇ ਗਦਰੀ ਜੀਵਨ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾ. ਰਘਵੀਰ ਕੌਰ ਦੀ ਲਿਖਣ ਸ਼ੈਲੀ ਸਰਲ, ਸਪਸ਼ਟ ਤੇ ਆਮ ਪਾਠਕਾਂ ਦੀ ਸਮਝ ਦੇ ਅਨੁਕੂਲ ਹੈ। ਪੁਸਤਕ ਚ ਪੇਸ਼ ਹੋਈ ਕਾਵਿਕ ਸ਼ਬਦਾਵਲੀ ਤੇ ਵਿਚਾਰ ਜੋਸ਼ ਤੇ ਆਜ਼ਾਦੀ ਦੀ ਰੰਗਤ ਨਾਲ ਭਰਪੂਰ ਹਨ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ ਸੀਤਲ ਸਿੰਘ ਸੰਘਾ ਜੀ ਨੇ ਡਾ.ਰਘਬੀਰ ਕੌਰ ਦੇ ਵਿਦਿਅਕ ਅਤੇ ਸਾਹਿਤਿਕ ਜੀਵਨ ਸੰਬੰਧੀ ਚਾਨਣਾ ਪਾਇਆ ਤੇ ਗਦਰੀ ਦੇਸ਼ ਭਗਤਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਭੋਲਾ ਸਿੰਘ ਸੰਗਰਾਮੀ ਦੁਆਰਾ ਜੋਸ਼ੀਲਾ ਤੇ ਇਨਕਲਾਬੀ ਗੀਤ ਪੇਸ਼ ਕੀਤਾ ਗਿਆ। ਪੁਸਤਕ ਦੇ ਲੇਖਿਕਾ ਡਾ. ਰਘਬੀਰ ਕੌਰ ਨੇ ਕਿਹਾ ਕਿ ਮੇਰੀ ਇਹ ਕਿਤਾਬ ਸਮੁੱਚੀ ਇਸਤਰੀ ਪ੍ਰਤੀ ਖਾਸ ਕਰਕੇ ਵਿਦਿਆਰਥੀਆਂ ਪ੍ਰਤੀ ਤੇ ਆਪਣੇ ਦੇਸ਼ ਪ੍ਰਤੀ ਪਿਆਰ ਤੇ ਕੁਰਬਾਨੀ ਦਾ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਬੀਬੀ ਗੁਲਾਬ ਕੌਰ ਇੱਕ ਔਰਤ ਹੋਣ ਦੇ ਨਾਤੇ ਸਮੁੱਚੇ ਮਰਦ ਸਮਾਜ ਨੂੰ ਇਹ ਕਹਿੰਦੀ ਹੈ ਕਿ ਜੇ ਤੁਸੀਂ ਆਜ਼ਾਦੀ ਦੇ ਸੰਗਰਾਮ ਵਿੱਚ ਨਹੀਂ ਆਉਣਾ ਤੇ ਚੂੜੀਆਂ ਪਹਿਨ ਲਵੋ। ਉਨਾਂ ਨੇ ਬੀਬੀ ਗੁਲਾਬ ਕੌਰ ਦੇ ਜੀਵਨ ਤੇ ਆਜ਼ਾਦੀ ਦੇ ਲਈ ਕੀਤੇ ਸੰਗਰਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀਆਂ ਪੁਸਤਕਾਂ ਸਮਾਜ ਨੂੰ ਅਰਪਣ ਕਰਨ ਦਾ ਕਾਰਜ ਜਿੱਥੇ ਸ਼ਲਾਘਾ ਯੋਗ ਉੱਥੇ ਨਾਲ ਹੀ ਵਿਦਿਆਰਥੀਆਂ ਨੂੰ ਦੇਸ਼ ਭਗਤੀ ਨਾਲ ਜੋੜਨ ਦਾ ਵੱਡਾ ਉਪਰਾਲਾ ਹੈ ਤੇ ਆਸ ਕਰਦੇ ਹਾਂ ਕਿ ਵਿਦਿਆਰਥੀ ਦੇਸ਼ ਭਗਤਾਂ ਦੇ ਜੀਵਨ ਤੋਂ ਜਾਣੂ ਹੋਣ ਤੇ ਬੀਬੀ ਗੁਲਾਬ ਕੌਰ ਜੀ ਦੀ ਸ਼ਹਾਦਤ ਨੂੰ ਸਮਝ ਕੇ ਵਿਰਸੇ ਨਾਲ ਜੁੜਨਗੇ। ਮੰਚ ਦਾ ਸੰਚਾਲਨ ਡਾ. ਰਾਮ ਮੂਰਤੀ ਨੇ ਬੜੀ ਖੂਬਸੂਰਤੀ ਨਾਲ ਕੀਤਾ। ਅੰਤ ਵਿੱਚ ਕਾਲਜ ਵੱਲੋਂ ਡਾ. ਰਘਬੀਰ ਕੌਰ ਤੇ ਭੋਲਾ ਸਿੰਘ ਸੰਗਰਾਮੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਜਸਵਿੰਦਰ ਸਿੰਘ ਸੰਘਾ ਨੇ ਆਪਣੀ ਕਿਰਤ ਕਮਾਈ ਵਿੱਚੋਂ 5 ਹਜਾਰ ਰੁਪਏ ਕਾਲਜ ਨੂੰ ਭੇਂਟ ਕੀਤੇ। ਇਸ ਸਮਾਗਮ ਵਿੱਚ ਸਰਵ ਸ੍ਰੀ ਸੁਰਿੰਦਰ ਸਿੰਘ, ਸੰਘਾ ਬਲਜੀਤ ਸਿੰਘ ਸੰਘਾ, ਤੀਰਥ ਸਿੰਘ, ਮੁਨੀਸ਼ ਤਾਲਿਬ, ਸੁਖਜਿੰਦਰ ਸਿੰਘ ਸਕੂਲ ਅਤੇ ਕਾਲਜ ਦੇ ਸਟਾਫ ਅਤੇ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।