ਅਨੁਰਾਗ ਮਾਨਖੰਡ ਭਾਜਪਾ ਨੂੰ ਅਲਵਿਦਾ ਆਖ ‘ਆਪ’ ਵਿਚ ਸ਼ਾਮਲ
ਭਾਜਪਾ ਦੇ ਗੜ੍ਹ ਫਗਵਾੜਾ ਵਿੱਚ ਡਾ. ਚੱਬੇਵਾਲ ਦੀ ਵੱਡੀ ਸਿਆਸੀ ਸੇਧ
Publish Date: Fri, 19 Jun 2026 07:37 PM (IST)
Updated Date: Sat, 20 Jun 2026 04:07 AM (IST)

ਭਾਜਪਾ ਦੇ ਗੜ੍ਹ ਫਗਵਾੜਾ ’ਚ ਡਾ. ਚੱਬੇਵਾਲ ਦੀ ਵੱਡੀ ਸਿਆਸੀ ਸੇਧ ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ ਦੀ ਸਿਆਸਤ |ਚ ਇੱਕ ਵੱਡਾ ਸਿਆਸੀ ਧਮਾਕਾ ਉਸ ਵੇਲੇ ਹੋਇਆ ਜਦੋਂ ਭਾਜਪਾ ਦੇ ਮਜ਼ਬੂਤ ਆਗੂ, ਮੌਜੂਦਾ ਕੌਂਸਲਰ ਤੇ ਭਾਜਪਾ ਮੰਡਲ ਫਗਵਾੜਾ ਦੇ ਪ੍ਰਧਾਨ ਅਨੁਰਾਗ ਮਾਨਖੰਡ ਨੇ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਹ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਈ ਗਈ, ਜਦਕਿ ਹਲਕਾ ਇੰਚਾਰਜ ਡਾ. ਚੱਬੇਵਾਲ ਦੀ ਇਸ ਸਿਆਸੀ ਕਾਮਯਾਬੀ ਨੂੰ ਫਗਵਾੜਾ ਦੀ ਰਾਜਨੀਤੀ ’ਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਦੇ ਅਨੁਸਾਰ ਅਨੁਰਾਗ ਮਾਨ ਖੰਡ ਨਾ ਸਿਰਫ਼ ਭਾਜਪਾ ਦੇ ਮਜ਼ਬੂਤ ਸੰਗਠਨਾਤਮਕ ਆਗੂ ਰਹੇ ਹਨ, ਸਗੋਂ ਸ਼ਹਿਰ ਦੇ ਵੱਖ-ਵੱਖ ਵਰਗਾਂ ’ਚ ਉਨ੍ਹਾਂ ਦੀ ਮਜ਼ਬੂਤ ਪਕੜ ਤੇ ਵੱਡਾ ਨਿੱਜੀ ਵੋਟ ਬੈਂਕ ਵੀ ਮੰਨਿਆ ਜਾਂਦਾ ਹੈ। ਲੋਕਾਂ ’ਚ ਭਰੋਸੇਯੋਗ ਅਤੇ ਸਰਗਰਮ ਚਿਹਰੇ ਵਜੋਂ ਜਾਣੇ ਜਾਂਦੇ ਅਨੁਰਾਗ ਮਾਨ ਖੰਡ ਦੀ ਆਮ ਆਦਮੀ ਪਾਰਟੀ ’ਚ ਐਂਟਰੀ ਨਾਲ ਫਗਵਾੜਾ ਦੇ ਸਿਆਸੀ ਸਮੀਕਰਨਾਂ ’ਚ ਵੱਡੇ ਬਦਲਾਅ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਡਾ. ਚੱਬੇਵਾਲ ਵੱਲੋਂ ਕੀਤੀ ਗਈ ਇਸ ਸਿਆਸੀ ਸੇਧ ਨੂੰ ਭਾਜਪਾ ਲਈ ਵੱਡਾ ਝਟਕਾ ਤੇ ਆਮ ਆਦਮੀ ਪਾਰਟੀ ਲਈ ਵੱਡੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਵਰਕਰਾਂ ਦਾ ਮੰਨਣਾ ਹੈ ਕਿ ਅਨੁਰਾਗ ਮਾਨ ਖੰਡ ਦੇ ਸ਼ਾਮਲ ਹੋਣ ਨਾਲ ਸ਼ਹਿਰੀ ਖੇਤਰ ’ਚ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਵੇਗੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਨਵੀਂ ਤਾਕਤ ਮਿਲੇਗੀ। ਇਸ ਮੌਕੇ ਅਨੁਰਾਗ ਮਾਨ ਖੰਡ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ-ਹਿਤੈਸ਼ੀ ਨੀਤੀਆਂ ਤੇ ਪੰਜਾਬ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਦੂਜੇ ਪਾਸੇ ਡਾ. ਚੱਬੇਵਾਲ ਨੇ ਅਨੁਰਾਗ ਮਾਨ ਖੰਡ ਦਾ ਪਾਰਟੀ ’ਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਫਗਵਾੜਾ ’ਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ ਤੇ ਆਉਣ ਵਾਲੀਆਂ ਚੋਣਾਂ ’ਚ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਸਿਆਸੀ ਗਲਿਆਰਿਆਂ ’ਚ ਇਸ ਸ਼ਮੂਲੀਅਤ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਗਵਾੜਾ ’ਚ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸਿਆਸੀ ਕਾਮਯਾਬੀ ’ਚੋਂ ਇੱਕ ਮੰਨਿਆ ਜਾ ਰਿਹਾ ਹੈ।