ਡਾ. ਚੱਬੇਵਾਲ ਨੇ ਸ਼ੁਰੂ ਕਰਵਾਇਆ ਪਲਾਹੀ ਰੋਡ ਦਾ ਨਿਰਮਾਣ
ਪਲਾਹੀ ਰੋਡ ਦੀ ਸੜਕ ਦੇ ਨਿਰਮਾਣ ਦਾ ਕੰਮ ਡਾ. ਚੱਬੇਵਾਲ ਨੇ ਸ਼ੁਰੂ ਕਰਵਾਇਆ
Publish Date: Sat, 21 Feb 2026 09:06 PM (IST)
Updated Date: Sat, 21 Feb 2026 09:09 PM (IST)
ਫਗਵਾੜਾ : ਪਿੰਡ ਪਲਾਹੀ ਤੇ ਹੋਰ ਪਿੰਡਾਂ ਨੂੰ ਜੋੜਨ ਵਾਲੀ ਸੜਕ ਦਾ ਨਿਰਮਾਣ ਕਾਰਜ ਅੱਜ ਸ਼ੁਰੂ ਕਰ ਦਿੱਤਾ ਗਿਆ, ਜਿਸ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਚੱਬੇਵਾਲ ਨੇ ਭਰੋਸਾ ਦੁਆਇਆ ਕਿ ਇਸ ਸੜਕ ਦੇ ਨਿਰਮਾਣ ਤੋਂ ਬਾਅਦ ਬੰਗਾ ਰੋਡ ਦੀ ਸੜਕ ਦਾ ਕੰਮ ਵੀ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਅਗਲੇ ਪੰਜ ਸਾਲ ਤੱਕ ਇਸ ਦੀ ਦੇਖਭਾਲ ਤੇ ਰੱਖ-ਰਖਾਅ ਵੀ ਕਰੇਗੀ। ਵਰਨਣਯੋਗ ਹੈ ਕਿ ਫਗਵਾੜਾ ਨੂੰ ਇਤਿਹਾਸਕ ਪਿੰਡ ਪਲਾਹੀ ਤੇ ਹੋਰ ਲਗਭਗ 25 ਪਿੰਡਾਂ ਨਾਲ ਜੋੜਨ ਵਾਲੀ ਇਹ ਸੜਕ ਪਿਛਲੇ ਕਰੀਬ 12 ਸਾਲਾਂ ਤੋਂ ਬਹੁਤ ਹੀ ਖਸਤਾ ਹਾਲ 'ਚ ਸੀ। ਇਲਾਕਾ ਵਾਸੀਆਂ ਵੱਲੋਂ ਕਈ ਵਾਰ ਪ੍ਰਸ਼ਾਸਨ ਤੇ ਸਰਕਾਰ ਕੋਲ ਇਸ ਸੜਕ ਦੀ ਮੁਰੰਮਤ ਜਾਂ ਨਿਰਮਾਣ ਲਈ ਮੰਗ ਕੀਤੀ ਗਈ ਸੀ ਤੇ ਹੁਣ ਇਸ ਸੜਕ ਦਾ ਮੁੜ ਨਿਰਮਾਣ ਸ਼ੁਰੂ ਕੀਤਾ ਗਿਆ ਹੈ। ਇਸ ਸੜਕ ਦੇ ਨਾ ਬਣਨ ਕਾਰਨ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਲੋਕ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸਨ। ਇਸ ਮੌਕੇ ਆਪ ਹਲਕਾ ਇੰਚਾਰਜ ਹਰਜੀ ਮਾਨ, ਡਿਪਟੀ ਮੇਅਰ ਵਿੱਕੀ ਸੂਦ, ਸਰਬਜੀਤ ਸਿੰਘ ਚਾਨਾ, ਹਰਪ੍ਰੀਤ ਸਿੰਘ ਭੋਗਲ, ਗੁਰਮੀਤ ਪਲਾਹੀ ਸਮੇਤ ਕਈ ਪ੍ਰਮੁੱਖ ਆਗੂ ਹਾਜ਼ਰ ਸਨ।