ਰੋਜ਼ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਡਾ. ਚੱਬੇਵਾਲ ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਡਾ. ਚੱਬੇਵਾਲ
Publish Date: Sat, 03 Oct 2026 06:39 PM (IST)
Updated Date: Sat, 03 Oct 2026 06:41 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਲੋਕ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਫਗਵਾੜਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਡਾ. ਚੱਬੇਵਾਲ ਵੱਲੋਂ ਰੋਜ਼ਾਨਾ ਆਪਣੇ ਮਾਡਲ ਟਾਊਨ ਸਥਿਤ ਦਫ਼ਤਰ ਵਿਖੇ ਲਗਭਗ ਤਿੰਨ ਤੋਂ ਚਾਰ ਘੰਟੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਹਨ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਇਲਾਵਾ ਪੇਂਡੂ ਖੇਤਰਾਂ ਦੇ ਲੋਕ ਵੀ ਆਪਣੀਆਂ ਮੁਸ਼ਕਲਾਂ ਲੈ ਕੇ ਪਹੁੰਚਦੇ ਹਨ ਤੇ ਸਬੰਧਤ ਵਿਭਾਗਾਂ ਨਾਲ ਗੱਲਬਾਤ ਕਰਕੇ ਮਾਮਲਿਆਂ ਦੇ ਨਿਪਟਾਰੇ ਲਈ ਯਤਨ ਕੀਤੇ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਸੰਗਠਨ ਇੰਚਾਰਜ ਗੁਰਸ਼ਰਨ ਸਿੰਘ ਨੇ ਕਿਹਾ ਕਿ ਡਾ. ਚੱਬੇਵਾਲ ਦੇ ਦਫ਼ਤਰ ਵਿਖੇ ਹੋਣ ਵਾਲੇ ਇਨ੍ਹਾਂ ਜਨਤਾ ਦਰਬਾਰਾਂ ਵਿੱਚ ਵੱਖ-ਵੱਖ ਵਰਗਾਂ, ਸਿਆਸੀ ਪਾਰਟੀਆਂ ਦੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚਦੇ ਹਨ। ਹਾਲ ਹੀ ਵਿੱਚ ਹੋਈਆਂ ਜਨਤਕ ਮੁਲਾਕਾਤਾਂ ਦੌਰਾਨ ਵੀ ਸੜਕਾਂ, ਸੀਵਰੇਜ, ਬੁਨਿਆਦੀ ਸਹੂਲਤਾਂ, ਸਰਕਾਰੀ ਦਫ਼ਤਰਾਂ ਨਾਲ ਸਬੰਧਤ ਮਾਮਲਿਆਂ ਸਮੇਤ ਕਈ ਲੋਕ ਮਸਲੇ ਉਠਾਏ ਗਏ, ਜਿਨ੍ਹਾਂ ਨੂੰ ਸਬੰਧਤ ਅਧਿਕਾਰੀਆਂ ਤੱਕ ਪਹੁੰਚਾ ਕੇ ਤੁਰੰਤ ਨਿਪਟਾਰਾ ਕਰਵਾਇਆ ਗਿਆ। ਇਸ ਤਰ੍ਹਾਂ ਡਾ. ਚੱਬੇਵਾਲ ਵੱਲੋਂ ਦਫ਼ਤਰ ਵਿਖੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਵੱਲੋਂ ਸ਼ਹਿਰੀ ਤੇ ਪੇਂਡੂ ਖੇਤਰਾਂ ਨਾਲ ਸਬੰਧਤ ਲੋਕ ਮਸਲਿਆਂ ਨੂੰ ਸਬੰਧਤ ਵਿਭਾਗਾਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਲਈ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਫਗਵਾੜਾ ਦੀ ਨੁਹਾਰ ਬਦਲੀ ਜਾ ਸਕੇ।