ਬੇਅਦਬੀ ਵਿਰੁੱਧ ਡਾਕਟਰ ਅੰਬੇਡਕਰ ਆਰਮੀ (ਪੰਜਾਬ) ਨੇ ਜਤਾਇਆ ਸਖ਼ਤ ਰੋਸ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਵਿਰੁੱਧ ਡਾਕਟਰ ਅੰਬੇਦਕਰ ਆਰਮੀ (ਪੰਜਾਬ) ਵੱਲੋਂ ਸਖ਼ਤ ਰੋਸ
Publish Date: Sat, 12 Sep 2026 10:03 PM (IST)
Updated Date: Sat, 12 Sep 2026 10:05 PM (IST)
ਦੋਸ਼ੀ ਜਲਦ ਨਾ ਫੜੇ ਗਏ ਤਾਂ ਸੁਲਤਾਨਪੁਰ ਵਿਖੇ ਦਿੱਤਾ ਜਾਵੇਗਾ ਧਰਨਾ ਸੁੱਖੀ ਟਿੱਬਾ, ਪੰਜਾਬੀ ਜਾਗਰਣ ਹੁਸੈਨਪੁਰ : ਬੀਤੇ ਦਿਨੀਂ ਲੁਧਿਆਣਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਤੇ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੇ ਜਾਣ ਦੀ ਘਿਨਾਉਣੀ ਹਰਕਤ ਦੇ ਵਿਰੋਧ ਵਿੱਚ ਡਾਕਟਰ ਅੰਬੇਡਕਰ ਆਰਮੀ (ਪੰਜਾਬ) ਦੀ ਇੱਕ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸਮੂਹ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਇਸ ਸ਼ਰਮਨਾਕ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਪੰਜਾਬ ਯੂਥ ਪ੍ਰਧਾਨ ਸੁੱਖਾ ਪੰਮਨ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸੋਨੂ, ਮੁੱਖ ਸਲਾਹਕਾਰ ਤੇ ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਬਾਗੋ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਕਿਸੇ ਇੱਕ ਵਰਗ ਦੇ ਨਹੀਂ, ਸਗੋਂ ਪੂਰੇ ਦੇਸ਼ ਤੇ ਮਾਨਵਤਾ ਦੇ ਰਹਿਬਰ ਹਨ। ਅਜਿਹੀ ਨੀਵੀਂ ਮਾਨਸਿਕਤਾ ਵਾਲੀ ਹਰਕਤ ਸਮਾਜ ਵਿੱਚ ਨਫ਼ਰਤ ਫੈਲਾਉਣ ਤੇ ਆਪਸੀ ਭਾਈਚਾਰੇ ਨੂੰ ਤੋੜਨ ਦੀ ਇੱਕ ਡੂੰਘੀ ਸਾਜ਼ਿਸ਼ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਪ੍ਰਸ਼ਾਸਨ ਨੂੰ ਤਾਕੀਦ ਕਰਦਿਆਂ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਫੜਨ ਵਿੱਚ ਢਿੱਲ-ਮੱਠ ਦਿਖਾਈ, ਤਾਂ ਜਥੇਬੰਦੀ ਵੱਲੋਂ ਲੋੜ ਪੈਣ ਤੇ ਸੁਲਤਾਨਪੁਰ ਵਿਖੇ ਇੱਕ ਵਿਸ਼ਾਲ ਤੇ ਤਿੱਖਾ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਦੁੱਖ ਤੇ ਰੋਸ ਦੀ ਘੜੀ ਵਿੱਚ, ਸਮੂਹ ਆਗੂਆਂ ਨੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ, ਧੀਰਜ ਤੇ ਸੰਜਮ ਤੋਂ ਕੰਮ ਲੈਣ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹਨ, ਪਰ ਸਾਨੂੰ ਬਾਬਾ ਸਾਹਿਬ ਦੇ ਦੱਸੇ ਹੋਏ ਸੰਗਠਿਤ ਰਹੋ ਦੇ ਮਾਰਗ ਤੇ ਚੱਲਦਿਆਂ ਇਕਜੁੱਟ ਰਹਿਣਾ ਪਵੇਗਾ। ਸਾਡੀ ਏਕਤਾ ਹੀ ਅਜਿਹੀਆਂ ਫੁੱਟ ਪਾਊ ਤਾਕਤਾਂ ਨੂੰ ਕਰਾਰਾ ਜਵਾਬ ਹੈ। ਜਥੇਬੰਦੀ ਨੇ ਸਮਾਜ ਨੂੰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੇ ਯਕੀਨ ਨਾ ਕਰਨ ਤੇ ਆਪਸੀ ਪਿਆਰ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ।