ਕੋਰਟ ਕੰਪਲੈਕਸ ’ਚ ਪੀਣ ਵਾਲੇ ਪਾਣੀ ਦੀ ਸੁਵਿਧਾ ਠੱਪ ਕੋਰਟ ਕੰਪਲੈਕਸ ਫਗਵਾੜਾ ਵਿਖੇ ਪੀਣ ਵਾਲੇ ਪਾਣੀ ਦੀ ਸੁਵਿਧਾ ਤੱਕ ਠੱਪ, ਥਾਂ-ਥਾਂ ਗੰਦਗੀ ਦੇ ਢੇਰ,ਆਮ ਲੋਕ ਖੱਜਲ ਖੁਆਰ
Publish Date: Thu, 09 Jul 2026 09:33 PM (IST)
Updated Date: Thu, 09 Jul 2026 09:33 PM (IST)
ਥਾਂ-ਥਾਂ ਲੱਗੇ ਗੰਦਗੀ ਦੇ ਢੇਰ, ਆਮ ਲੋਕ ਹੋ ਰਹੇ ਨੇ ਖੱਜਲ-ਖੁਆਰ ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਵੱਖ-ਵੱਖ ਰਾਜਸੀ ਸ਼ਖ਼ਸੀਅਤਾਂ, ਸਮਾਜਿਕ ਸੰਸਥਾਵਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਨੂੰ ਸਮੇਂ-ਸਮੇਂ ’ਤੇ ਜ਼ਿਲ੍ਹਾ ਬਣਾਉਣ ਦੀ ਮੰਗ ਰੱਖੀ ਜਾਂਦੀ ਰਹੀ ਹੈ। ਨਾਲ ਹੀ ਪਿਛਲੇ ਕੁਝ ਸਾਲਾਂ ਤੋਂ ਫਗਵਾੜਾ ਕੋਰਟ ਕੰਪਲੈਕਸ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਬਾਬਤ ਵੀ ਕਈ ਵਾਰ ਆਵਾਜ਼ ਉਠਾਈ ਗਈ ਕਿ ਫਗਵਾੜਾ ਕੋਰਟ ਕੰਪਲੈਕਸ ਬਹੁਤ ਸਾਰੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ ਜਿਸ ਕਾਰਨ ਆਪਣੇ ਜ਼ਰੂਰੀ ਕੰਮਾਂ ਲਈ ਇੱਥੇ ਆਉਂਦੇ-ਜਾਂਦੇ ਲੋਕ ਖੱਜਲ-ਖੁਆਰ ਹੁੰਦੇ ਨਜ਼ਰ ਆਉਂਦੇ ਹਨ। ਖਾਸ ਕਰ ਕੇ ਗਰਮੀ ਦੇ ਦਿਨਾਂ ਵਿੱਚ ਭਾਰੀ ਪ੍ਰੇਸ਼ਾਨੀ ਉਦੋਂ ਦੇਖਣ ਨੂੰ ਮਿਲੀ ਜਦੋਂ ਕੰਪਲੈਕਸ ਅੰਦਰ ਲੱਗੇ ਪਾਣੀ ਪੀਣ ਵਾਲੇ ਵਾਟਰ ਕੂਲਰ ਤੱਕ ਵੀ ਬੰਦ ਪਏ ਨਜ਼ਰ ਆਏ ਤੇ ਜੰਗਾਲੇ ਹੋਏ ਗੰਦਗੀ ਨਾਲ ਭਰੇ ਵੀ। ਕੰਪਲੈਕਸ ਅੰਦਰ ਅਜਿਹੀਆਂ ਬਹੁਤ ਸਾਰੀਆਂ ਕਮੀਆਂ ਖਾਮੀਆਂ ਕਾਰਨ ਜ਼ਰੂਰੀ ਕੰਮਕਾਜ ਲਈ ਆਉਂਦੇ ਆਮ ਲੋਕਾਂ ਦੇ ਨਾਲ-ਨਾਲ ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰਟ ਕੰਪਲੈਕਸ ਵਿੱਚ ਲੱਗੇ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਕਾਫ਼ੀ ਸਮੇਂ ਤੋਂ ਬੰਦ ਪਏ ਹਨ, ਜਿਸ ਕਾਰਨ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਲਈ ਇੱਧਰ-ਉੱਧਰ ਭਟਕਣਾ ਪੈਂਦਾ ਹੈ ਜਾਂ ਫਿਰ ਕੰਟੀਨਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਕੋਰਟ ਕੰਪਲੈਕਸ ਦੇ ਵੱਖ-ਵੱਖ ਹਿੱਸਿਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਨਾ ਸਿਰਫ਼ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਰੋਜ਼ਾਨਾ ਸੈਂਕੜੇ ਲੋਕ ਕੋਰਟ ਕੰਪਲੈਕਸ ਵਿੱਚ ਆਪਣੇ ਕਾਨੂੰਨੀ ਕੰਮਾਂ ਲਈ ਆਉਂਦੇ ਹਨ, ਪਰ ਸਫ਼ਾਈ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਉਨ੍ਹਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਇਹੀ ਨਹੀਂ, ਬਲਕਿ ਮਰਦਾਂ ਦੇ ਨਾਲ-ਨਾਲ ਔਰਤਾਂ ਤੱਕ ਨੂੰ ਬਾਥਰੂਮ ਤੱਕ ਜਾਣ ਲਈ ਜਗ੍ਹਾ ਦੀ ਭਾਲ ਕਰਨੀ ਪੈਂਦੀ ਹੈ, ਖਾਸ ਕਰ ਕੇ ਬਜ਼ੁਰਗਾਂ ਜੋ ਜ਼ਿਆਦਾ ਚੱਲ ਫਿਰ ਨਹੀਂ ਸਕਦੇ, ਉਹ ਜ਼ਿਆਦਾ ਪਰੇਸ਼ਾਨੀ ਝੱਲਦੇ ਹਨ। ਆਮ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਪਏ ਵਾਟਰ ਕੂਲਰਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਅਤੇ ਕੋਰਟ ਕੰਪਲੈਕਸ ਵਿੱਚ ਨਿਯਮਿਤ ਸਫ਼ਾਈ ਕਰਵਾ ਕੇ ਗੰਦਗੀ ਦੇ ਢੇਰਾਂ ਨੂੰ ਹਟਾਇਆ ਜਾਵੇ ਤਾਂ ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਵਿਧਾਜਨਕ ਮਾਹੌਲ ਮਿਲ ਸਕੇ। ਇੱਥੇ ਇਹ ਵੀ ਦੱਸ ਦੇਈਏ ਕਿ ਕੰਪਲੈਕਸ ਅੰਦਰ ਹਲਕੀ ਬਾਰਿਸ਼ ਨਾਲ ਹੀ ਕਈ ਜਗ੍ਹਾ ਗੋਡੇ-ਗੋਡੇ ਪਾਣੀ ਵੀ ਖੜ੍ਹ ਜਾਂਦਾ ਹੈ ਜਿੱਥੋਂ ਲੰਘਣਾ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਜਾਂਦਾ ਹੈ। ਇੱਥੇ ਇਹ ਕਹਿ ਸਕਦੇ ਹਾਂ ਕਿ ਆਪਣੀਆਂ ਸਮੱਸਿਆਵਾਂ ਤੇ ਉਲਝਣਾਂ ਦਾ ਹੱਲ ਕਰਵਾਉਣ ਆਏ ਲੋਕ ਇੱਥੇ ਆ ਕੇ ਪਹਿਲਾਂ ਨਾਲੋਂ ਵੀ ਵੱਧ ਪ੍ਰੇਸ਼ਾਨ ਹੋ ਜਾਂਦੇ ਹਨ। ਕੋਰਟ ਕੰਪਲੈਕਸ ਦਾ ਲੰਬੇ ਸਮੇਂ ਤੋਂ ਅਜਿਹੀਆਂ ਬੁਨਿਆਦੀ ਸੁਵਿਧਾਵਾਂ ਤੋਂ ਵਾਂਝੇ ਹੋਣਾ ਸਿਵਿਲ ਪ੍ਰਸ਼ਾਸਨ ’ਤੇ ਕਈ ਸਵਾਲ ਪੈਦਾ ਕਰ ਜਾਂਦਾ ਹੈ।