ਡੇਂਗੂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ : ਡਾ. ਅਮਨਪ੍ਰੀਤ ਸਿੰਘ ਡੇਂਗੂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਤੁਰੰਤ ਡਾਕਟਰ ਦੀ ਸਲਾਹ ਲਵੋ : ਡਾ. ਅਮਨਪ੍ਰੀਤ ਸਿੰਘ
Publish Date: Sun, 23 Aug 2026 08:29 PM (IST)
Updated Date: Sun, 23 Aug 2026 08:30 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਰਸਾਤ ਦਾ ਮੌਸਮ ਚੱਲ ਰਿਹਾ ਹੈ ਇਸ ਦੌਰਾਨ ਮੱਛਰਾਂ ਦੀ ਭਰਮਾਰ ਪੂਰੀ ਤਰ੍ਹਾਂ ਨਾਲ ਬਣੀ ਰਹਿੰਦੀ ਹੈ ਤੇ ਇਸ ਨਾਲ ਬਿਮਾਰੀਆਂ ਲੱਗਣ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ ਦੌਰਾਨ ਵੱਡੀ ਗਿਣਤੀ ਵਿੱਚ ਬੁਖਾਰ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਸ਼ੁਰੂਆਤੀ 2-3 ਦਿਨਾਂ ਵਿੱਚ ਡੇਂਗੂ ਕਿਸੇ ਵੀ ਦੂਜੇ ਵਾਇਰਲ ਬੁਖਾਰ ਵਰਗਾ ਹੀ ਲੱਗਦਾ ਹੈ ਤੇ ਠੀਕ ਇਸੇ ਸਮੇਂ ਜ਼ਿਆਦਾਤਰ ਲੋਕ ਟੈਸਟ ਕਰਵਾਉਣ ਵਿੱਚ ਦੇਰੀ ਕਰ ਦਿੰਦੇ ਹਨ ਪਰ ਬੁਖਾਰ ਉਤਰਨ ਤੋਂ ਬਾਅਦ ਵੀ ਖ਼ਤਰਾ ਖ਼ਤਮ ਨਹੀਂ ਹੁੰਦਾ। ਅਸਲ ਵਿੱਚ, ਬੁਖਾਰ ਉਤਰਨ ਤੋਂ ਬਾਅਦ ਦੇ ਦਿਨ ਯਾਨੀ ਬਿਮਾਰੀ ਦੇ ਤੀਜੇ ਤੋਂ ਸੱਤਵੇਂ ਦਿਨ ਬਿਮਾਰੀ ਗੰਭੀਰ ਰੂਪ ਧਾਰ ਸਕਦੀ ਹੈ, ਕਿਉਂਕਿ ਅਕਸਰ ਜਦੋਂ ਮਰੀਜ਼ ਨੂੰ ਆਰਾਮ ਮਹਿਸੂਸ ਹੋਣ ਲੱਗਦਾ ਹੈ, ਉਦੋਂ ਹੀ ਸਰੀਰ ਵਿੱਚੋਂ ਫਲੂਇਡ (ਤਰਲ ਪਦਾਰਥ) ਦਾ ਰਿਸਾਅ ਤੇ ਚੇਤਾਵਨੀ ਵਾਲੇ ਲੱਛਣ ਦਿਖਾਈ ਦੇਣ ਲੱਗਦੇ ਹਨ। ਸਿਰਫ਼ ਸ਼ੁਰੂਆਤੀ ਕੁਝ ਦਿਨ ਹੀ ਨਹੀਂ, ਸਗੋਂ ਇਸ ਪੂਰੀ ਮਿਆਦ ਦੌਰਾਨ ਸਾਵਧਾਨ ਰਹਿਣ ਨਾਲ ਹੀ ਮਾਮੂਲੀ ਬਿਮਾਰੀ ਤੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਨੌਬਤ ਵਿਚਕਾਰ ਦਾ ਫ਼ਰਕ ਤੈਅ ਹੋ ਸਕਦਾ ਹੈ। ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਐੱਮਡੀ ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਲੋਕ ਮੱਛਰ ਦੇ ਕੱਟਣ ਨੂੰ ਮਾਮੂਲੀ ਗੱਲ ਸਮਝਦੇ ਹਨ, ਪਰ ਡੇਂਗੂ ਦੇ ਮਾਮਲੇ ਵਿੱਚ ਸਭ ਤੋਂ ਚਿੰਤਾਜਨਕ ਗੱਲ ਇਸ ਦੀ ਅਨਿਸ਼ਚਿਤਤਾ ਹੈ ਯਾਨੀ ਪਹਿਲੇ ਦਿਨ ਇੱਕੋ ਜਿਹੇ ਲੱਛਣਾਂ ਵਾਲੇ ਦੋ ਮਰੀਜ਼ਾਂ ਦੀ ਹਾਲਤ ਪੰਜਵੇਂ ਦਿਨ ਤੱਕ ਬਿਲਕੁਲ ਵੱਖਰੀ ਹੋ ਸਕਦੀ ਹੈ। ਇਸੇ ਲਈ, ਬੁਖਾਰ ਉਤਰਨ ਤੋਂ ਬਾਅਦ ਵੀ ਲਗਾਤਾਰ ਨਿਗਰਾਨੀ ਰੱਖਣਾ ਜ਼ਰੂਰੀ ਹੈ। ਡਾ. ਅਮਨਪ੍ਰੀਤ ਨੇ ਦੱਸਿਆ ਕਿ ਡੇਂਗੂ ਸੰਕਰਮਿਤ ਮਾਦਾ ਏਡੀਜ਼ ਏਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਗੰਦੇ ਨਾਲਿਆਂ ਦੀ ਬਜਾਏ ਸਾਫ਼ ਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਕੂਲਰ, ਗਮਲੇ, ਬੇਕਾਰ ਪਏ ਟਾਇਰ ਤੇ ਘਰ ਦੇ ਆਸ-ਪਾਸ ਚੱਲ ਰਹੇ ਨਿਰਮਾਣ ਕਾਰਜ ਇਸ ਦੇ ਮੁੱਖ ਕਾਰਨ ਹੋ ਸਕਦੇ ਹਨ, ਖ਼ਾਸ ਕਰਕੇ ਮਾਨਸੂਨ ਦੌਰਾਨ ਤੇ ਇਸ ਤੋਂ ਬਾਅਦ ਜਦੋਂ ਮਾਮਲੇ ਵੱਧਦੇ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਬੁਖਾਰ ਹੋਣ ਮੌਕੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।