ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਕੂੜਾ ਨਾ ਸੁੱਟੋ : ਪੰਡਿਤ/ਬਾਵਾ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਕੂੜਾ ਨਾ ਸੁੱਟੋ, ਸਫ਼ਾਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ-ਪੰਡਿਤ/ਬਾਵਾ
Publish Date: Fri, 13 Nov 2026 07:40 PM (IST)
Updated Date: Fri, 13 Nov 2026 07:42 PM (IST)
--ਧਾਰਮਿਕ ਸਥਾਨਾਂ ਦੇ ਨੇੜੇ ਕੂੜਾ ਨਾ ਸੁੱਟਣਾ ਸਾਡੀ ਸਮਾਜਿਕ ਜ਼ਿੰਮੇਵਾਰੀ : ਅਵੀ ਰਾਜਪੂਤ --ਵੀਐੱਚਪੀ ਬਜਰੰਗ ਦਲ ਦੇ ਵਰਕਰਾਂ ਨੇ ਪੰਜ ਧਾਰਮਿਕ ਸਥਾਨਾਂ ਦੇ ਨੇੜਿਓਂ ਕਈ ਸਾਲਾਂ ਤੋਂ ਲੱਗੇ ਕੂੜੇ ਦਾ ਡੰਪ ਹਟਾਇਆ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜੋ ਲੋਕ ਹਮੇਸ਼ਾ ਆਪਣੇ ਘਰਾਂ ਦੀ ਸਫ਼ਾਈ ਦਾ ਧਿਆਨ ਰੱਖਦੇ ਹਨ, ਉਹ ਆਪਣੇ ਘਰਾਂ ਦਾ ਕੂੜਾ ਧਾਰਮਿਕ ਸਥਾਨਾਂ ਦੇ ਨੇੜੇ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਵਿਰਾਸਤੀ ਸ਼ਹਿਰ ਦਾ ਅੰਮ੍ਰਿਤਸਰ ਰੋਡ ਜਿੱਥੇ ਪੰਜ ਧਾਰਮਿਕ ਸਥਾਨ ਹਨ, ਇੱਥੇ ਨੇੜੇ ਰਹਿਣ ਵਾਲੇ ਲੋਕ ਹੀ ਕੂੜਾ ਸੁੱਟਦੇ ਹਨ। ਇੰਨਾ ਹੀ ਨਹੀਂ, ਵਿਆਹਾਂ ਜਾਂ ਵੱਖ-ਵੱਖ ਮੌਕਿਆਂ ’ਤੇ ਲੋਕਾਂ ਵੱਲੋਂ ਅੰਮ੍ਰਿਤਸਰ ਰੋਡ ਦੇ ਸਾਹਮਣੇ ਕੂੜਾ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਪੂਜਾ ਲਈ ਜਾਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਗੱਲ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ, ਮਾਤ੍ਰ ਸ਼ਕਤੀ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਜੋਸ਼ੀ, ਜ਼ਿਲ੍ਹਾ ਉਪ ਪ੍ਰਧਾਨ ਸੰਦੀਪ ਅਗਰਵਾਲ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਉਪ ਪ੍ਰਧਾਨ ਮੋਹਿਤ ਜੱਸਲ, ਜ਼ਿਲ੍ਹਾ ਸਤਿਸੰਗ ਪ੍ਰਮੁੱਖ ਮਨਮੋਹਨ ਜੋਸ਼ੀ, ਜ਼ਿਲ੍ਹਾ ਸੇਵਾ ਪ੍ਰਮੁੱਖ ਰਮਨ ਸਿਆਲ, ਜ਼ਿਲ੍ਹਾ ਸਹਿ-ਸੇਵਾ ਪ੍ਰਮੁੱਖ ਵਿਕਾਸ ਜੈਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਵੱਛਤਾ ਹੀ ਸੇਵਾ ਹੈ ਮੁਹਿੰਮ ਤਹਿਤ ਅੰਮ੍ਰਿਤਸਰ ਰੋਡ ’ਤੇ ਧਾਰਮਿਕ ਸਥਾਨਾਂ ਦੇ ਨੇੜੇ ਸਫ਼ਾਈ ਕਰਦੇ ਹੋਏ ਕਹੀ। ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਵਿਰਾਸਤੀ ਸ਼ਹਿਰ ਦੇ ਅੰਮ੍ਰਿਤਸਰ ਰੋਡ ’ਤੇ ਧਾਰਮਿਕ ਸਥਾਨਾਂ ਦੇ ਨੇੜੇ ਕੂੜੇ ਦਾ ਡੰਪ ਸ਼ਰਧਾਲੂਆਂ, ਰਾਹਗੀਰਾਂ ਤੇ ਨੇੜਲੇ ਦੁਕਾਨਦਾਰਾਂ ਦਾ ਜਿਊਣਾ ਮੁਸ਼ਕਲ ਬਣਾ ਰਿਹਾ ਸੀ। ਸ਼ਹਿਰ ਦੀਆਂ ਕੁਝ ਧਾਰਮਿਕ ਸੰਸਥਾਵਾਂ ਨੇ ਅੰਮ੍ਰਿਤਸਰ ਰੋਡ ਦੇ ਨੇੜੇ ਸਥਿਤ ਸੱਤਿਆਨਾਰਾਇਣ ਮੰਦਰ, ਭੈਰੋਂ ਮੰਦਰ, ਹਨੂੰਮਾਨ ਮੰਦਰ, ਸ੍ਰੀ ਗੁਰੂਦੁਆਰਾ ਸਾਹਿਬ ਤੇ ਪੰਚਮੁਖੀ ਮੰਦਰ ਦੇ ਨੇੜੇ ਕੂੜੇ ਦੇ ਢੇਰਾਂ ਦੇ ਕਾਰਨ ਨਗਰ ਨਿਗਮ ਵਿਰੁੱਧ ਗੁੱਸਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਇਸ ਨਾਲ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਨ੍ਹਾਂ ਮੰਦਰਾਂ ਤੋਂ ਇਲਾਵਾ, ਸ਼ਹਿਰ ਕਈ ਇਤਿਹਾਸਕ ਤੇ ਧਾਰਮਿਕ ਸਥਾਨਾਂ ਦਾ ਘਰ ਹੈ। ਸ਼ਰਧਾਲੂ ਅਕਸਰ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਸ਼ਰਧਾ ਭੇਟ ਕਰਨ ਲਈ ਦੂਰ-ਦੂਰ ਤੋਂ ਆਉਂਦੇ ਹਨ, ਪਰ ਉਨ੍ਹਾਂ ਨੂੰ ਅਕਸਰ ਗੰਦਗੀ ਤੇ ਕੂੜੇ ਦੇ ਢੇਰ ਮਿਲਦੇ ਹਨ। ਸਮਾਜਿਕ, ਧਾਰਮਿਕ ਤੇ ਮੰਦਰ ਕਮੇਟੀਆਂ ਵੱਲੋਂ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਇਹ ਸਮੱਸਿਆ ਹੱਲ ਨਹੀਂ ਹੋਈ। ਇਸ ਤੋਂ ਨਰਾਜ਼ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਦੇ ਵਰਕਰਾਂ ਨੇ ਇਸ ਕੂੜੇ ਦੇ ਡੰਪ ਨੂੰ ਹਟਾਉਣ ਦੀ ਜ਼ਿੰਮੇਵਾਰੀ ਲਈ, ਇਸ ਪੁਰਾਣੀ ਸਮੱਸਿਆ ਨੂੰ ਖਤਮ ਕਰਨ ਲਈ ਸਫ਼ਾਈ ਮੁਹਿੰਮ ਸ਼ੁਰੂ ਕੀਤੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰ ਸਫਾਈ ਕਰਨ ਦੇ ਬਾਅਦ ਪਿਛਲੇ ਕਈ ਦਿਨਾਂ ਤੋਂ ਰਾਤ ਨੂੰ ਚੌਕਸੀ ਰੱਖ ਰਹੇ ਹਨ ਤਾਂ ਜੋ ਕਿਸੇ ਵਲੋਂ ਦੁਬਾਰਾ ਕੂੜਾ ਨਾ ਸੁੱਟਿਆ ਜਾ ਸਕੇ। ਇਸ ਮੌਕੇ ਨਰੇਸ਼ ਪੰਡਿਤ ਤੇ ਅਸ਼ੋਕ ਬਾਵਾ ਨੇ ਕਿਹਾ ਕਿ ਧਾਰਮਿਕ ਸਥਾਨ ਮਨੁੱਖੀ ਜੀਵਨ ਦਾ ਮੂਲ ਤੱਤ ਹਨ, ਕਿਉਂਕਿ ਇਹ ਸਾਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣਾ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਸਾਨੂੰ ਧਾਰਮਿਕ ਸਥਾਨਾਂ ਦੇ ਨਜ਼ਦੀਕ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਅਵੀ ਰਾਜਪੂਤ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਨੇੜੇ ਕੂੜਾ ਨਾ ਸੁੱਟਣਾ ਸਾਡੀ ਆਸਥਾ, ਵਾਤਾਵਰਣ ਤੇ ਸਮਾਜਿਕ ਜ਼ਿੰਮੇਵਾਰੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਪੂਜਾ ਸਥਾਨਾਂ ਦੀ ਪਵਿੱਤਰਤਾ ਬਣਾਈ ਰੱਖਣ ਲਈ ਸਫ਼ਾਈ ਬਹੁਤ ਜ਼ਰੂਰੀ ਹੈ।