- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਦਾ ਤਿਉਹਾਰ ਰੌਸ਼ਨੀ ਦਾ ਤਿਉਹਾਰ,ਗੋਗਨਾ

ਦੀਵਾਲੀ ਦਾ ਤਿਉਹਾਰ ਰੌਸ਼ਨੀ ਦਾ ਤਿਉਹਾਰ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਦੀਵਾਲੀ ਭਾਰਤ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ, ਜਿਸ ਨੂੰ ਸੁੱਖ, ਖੁਸ਼ਹਾਲੀ, ਰੌਸ਼ਨੀ ਤੇ ਸਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਾਲ 2026 ਵਿੱਚ ਦੀਵਾਲੀ 8 ਨਵੰਬਰ, ਦਿਨ ਐਤਵਾਰ ਨੂੰ ਮਨਾਈ ਜਾਵੇਗੀ। ਇਹ ਤਿਉਹਾਰ ਕਾਰਤਿਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸੇ ਦਿਨ ਭਗਵਾਨ ਸ੍ਰੀ ਰਾਮ ਜੀ ਚੌਦਾਂ ਸਾਲ ਦਾ ਬਨਵਾਸ ਪੂਰਾ ਕਰਕੇ ਅਯੁੱਧਿਆ ਵਾਪਸ ਪਰਤੇ ਸਨ ਤੇ ਉਨ੍ਹਾਂ ਦੇ ਸਵਾਗਤ ਵਿੱਚ ਨਗਰ ਵਾਸੀਆਂ ਨੇ ਦੀਵੇ ਜਗਾਏ ਸਨ। ਦੀਵਾਲੀ ਦੇ ਮੌਕੇ ’ਤੇ ਮਾਂ ਲਕਸ਼ਮੀ ਤੇ ਭਗਵਾਨ ਗਣੇਸ਼ ਜੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਮਾਨਤਾ ਹੈ ਕਿ ਵਿਧੀ-ਵਿਧਾਨ ਨਾਲ ਪੂਜਾ ਕਰਨ ਤੇ ਘਰ ਨੂੰ ਸਾਫ਼-ਸੁਥਰਾ ਤੇ ਰੌਸ਼ਨ ਰੱਖਣ ਨਾਲ ਸੁੱਖ-ਸਮ੍ਰਿੱਧੀ ਦਾ ਆਗਮਨ ਹੁੰਦਾ ਹੈ।
ਜੋਤਿਸ਼ ਆਚਾਰੀਆ ਡਾ. ਅਮਰਜੀਤ ਗੋਗਨਾ ਨੇ ਦਸਿਆ ਕਿ ਪੰਚਾਂਗ ਅਨੁਸਾਰ 8 ਨਵੰਬਰ 2026 ਨੂੰ ਮੱਸਿਆ ਤਿਥੀ ਸਵੇਰੇ 11 ਵੱਜ ਕੇ 27 ਮਿੰਟ ਤੋਂ ਸ਼ੁਰੂ ਹੋ ਕੇ 9 ਨਵੰਬਰ ਨੂੰ ਦੁਪਹਿਰ 12 ਵੱਜ ਕੇ 31 ਮਿੰਟ ਤੱਕ ਰਹੇਗੀ। ਭਾਰਤੀ ਸਮੇਂ ਅਨੁਸਾਰ ਲਕਸ਼ਮੀ-ਗਣੇਸ਼ ਪੂਜਨ ਦਾ ਸ਼ੁਭ ਮੁਹੂਰਤ ਸ਼ਾਮ 5 ਵੱਜ ਕੇ 54 ਮਿੰਟ ਤੋਂ 7 ਵੱਜ ਕੇ 50 ਮਿੰਟ ਤੱਕ ਰਹੇਗਾ, ਜਦਕਿ ਪ੍ਰਦੋਸ਼ ਕਾਲ ਸ਼ਾਮ 5 ਵੱਜ ਕੇ 31 ਮਿੰਟ ਤੋਂ ਰਾਤ 8 ਵੱਜ ਕੇ 9 ਮਿੰਟ ਤੱਕ ਰਹੇਗਾ। ਵੱਖ-ਵੱਖ ਸ਼ਹਿਰਾਂ ਵਿੱਚ ਸੂਰਜ ਚੜ੍ਹਨ ਤੇ ਡੁੱਬਣ ਦੇ ਸਮੇਂ ਅਨੁਸਾਰ ਪੂਜਾ ਦਾ ਮੁਹੂਰਤ ਬਦਲ ਸਕਦਾ ਹੈ। ਇਸ ਲਈ ਆਪਣੇ ਇਲਾਕੇ ਦੇ ਸਥਾਨਕ ਪੰਚਾਂਗ ਤੋਂ ਸਮੇਂ ਦੀ ਪੁਸ਼ਟੀ ਜ਼ਰੂਰ ਕਰ ਲੈਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਦੀਵਾਲੀ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਘਰਾਂ ਦੀ ਸਾਫ਼-ਸਫ਼ਾਈ, ਮੁੱਖ ਦਰਵਾਜ਼ੇ ’ਤੇ ਤੋਰਨ ਲਗਾਉਣਾ, ਰੰਗੋਲੀ ਬਣਾਉਣਾ ਤੇ ਦੀਵਿਆਂ ਨੂੰ ਸਜਾਉਣਾ ਇਸ ਤਿਉਹਾਰ ਦੀਆਂ ਪ੍ਰਮੁੱਖ ਪਰੰਪਰਾਵਾਂ ਹਨ। ਦੀਵਾਲੀ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਸਾਫ਼-ਸੁਥਰੇ ਕੱਪੜੇ ਪਹਿਨੇ ਜਾਂਦੇ ਹਨ। ਸ਼ਾਮ ਨੂੰ ਪੂਜਾ ਸਥਾਨ ਦੀ ਸਫ਼ਾਈ ਕਰਕੇ ਚੌਂਕੀ ’ਤੇ ਲਾਲ ਜਾਂ ਪੀਲੇ ਰੰਗ ਦਾ ਕੱਪੜਾ ਵਿਛਾਇਆ ਜਾਂਦਾ ਹੈ ਤੇ ਮਾਂ ਲਕਸ਼ਮੀ ਤੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ। ਪੂਜਾ ਦੌਰਾਨ ਰੋਲੀ, ਅਕਸ਼ਤ (ਚੌਲ), ਫੁੱਲ, ਫਲ, ਮਠਿਆਈ, ਧੂਫ਼, ਦੀਪ ਤੇ ਨੈਵੇਦਿਆ ਅਰਪਿਤ ਕੀਤੇ ਜਾਂਦੇ ਹਨ। ਕਈ ਪਰਿਵਾਰਾਂ ਵਿੱਚ ਮਾਂ ਸਰਸਵਤੀ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਵਪਾਰੀ ਵਰਗ ਇਸ ਦਿਨ ਬਹੀ-ਖਾਤਿਆਂ ਤੇ ਧਨ ਨਾਲ ਸਬੰਧਤ ਵਸਤੂਆਂ ਦੀ ਪੂਜਾ ਕਰਦਾ ਹੈ। ਘਰ ਦੇ ਮੁੱਖ ਦਰਵਾਜ਼ੇ ਤੇ ਪੂਜਾ ਸਥਾਨ ’ਤੇ ਦੀਵੇ ਜਗਾਏ ਜਾਂਦੇ ਹਨ। ਪਰੰਪਰਾ ਅਨੁਸਾਰ ਦੀਵਾਲੀ ਦੀ ਰਾਤ ਘਰ ਦੇ ਕੋਨਿਆਂ ਵਿੱਚ ਵੀ ਦੀਵੇ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਦੀਵਾਲੀ ਤੋਂ ਪਹਿਲਾਂ ਧਨਤੇਰਸ ਦਾ ਤਿਉਹਾਰ 6 ਨਵੰਬਰ 2026, ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਧਨਤੇਰਸ ਨੂੰ ਧਨ ਤ੍ਰਯੋਦਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਭਗਵਾਨ ਧਨਵੰਤਰੀ, ਮਾਂ ਲਕਸ਼ਮੀ ਤੇ ਕੁਬੇਰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਸ ਦਿਨ ਨਵੀਆਂ ਵਸਤੂਆਂ ਦੀ ਖਰੀਦਦਾਰੀ ਕਰਨ ਨਾਲ ਘਰ ਵਿੱਚ ਸੁੱਖ-ਸਮ੍ਰਿੱਧੀ ਆਉਂਦੀ ਹੈ। ਭਾਰਤੀ ਸਮੇਂ ਅਨੁਸਾਰ ਧਨਤੇਰਸ ਪੂਜਾ ਦਾ ਸ਼ੁਭ ਮੁਹੂਰਤ ਸ਼ਾਮ 6 ਵੱਜ ਕੇ 2 ਮਿੰਟ ਤੋਂ 7 ਵੱਜ ਕੇ 57 ਮਿੰਟ ਤੱਕ ਰਹੇਗਾ।
ਧਨਤੇਰਸ ’ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ, ਪਰ ਇਸ ਤੋਂ ਇਲਾਵਾ ਵੀ ਕਈ ਉਪਯੋਗੀ ਵਸਤੂਆਂ ਖਰੀਦੀਆਂ ਜਾ ਸਕਦੀਆਂ ਹਨ। ਚਾਂਦੀ ਦੇ ਸਿੱਕੇ, ਚਾਂਦੀ ਜਾਂ ਪਿੱਤਲ ਦੇ ਬਰਤਨ, ਤਾਂਬੇ ਤੇ ਸਟੀਲ ਦੇ ਬਰਤਨ, ਪੂਜਾ ਸਮੱਗਰੀ, ਦੀਵੇ, ਝਾੜੂ, ਰਸੋਈ ਦੇ ਉਪਕਰਨ, ਘਰ ਵਿੱਚ ਕੰਮ ਆਉਣ ਵਾਲੀਆਂ ਨਵੀਆਂ ਵਸਤੂਆਂ ਅਤੇ ਔਜ਼ਾਰ ਖਰੀਦਣਾ ਵੀ ਪਰੰਪਰਾਵਾਂ ਅਨੁਸਾਰ ਸ਼ੁਭ ਮੰਨਿਆ ਜਾਂਦਾ ਹੈ। ਕੁਝ ਪਰਿਵਾਰ ਇਸ ਦਿਨ ਸਾਬਤ ਧਨੀਆ ਤੇ ਨਮਕ ਖਰੀਦਣਾ ਵੀ ਸ਼ੁਭ ਮੰਨਦੇ ਹਨ। ਖਰੀਦਦਾਰੀ ਕਰਦੇ ਸਮੇਂ ਆਪਣੀ ਲੋੜ ਤੇ ਬਜਟ ਦਾ ਧਿਆਨ ਰੱਖਣਾ ਚਾਹੀਦਾ ਹੈ। ਸਿਰਫ਼ ਪਰੰਪਰਾ ਦੇ ਨਾਮ ’ਤੇ ਬੇਲੋੜਾ ਖਰਚ ਕਰਨਾ ਜ਼ਰੂਰੀ ਨਹੀਂ ਹੈ। ਧਨਤੇਰਸ ਦੀ ਸ਼ਾਮ ਨੂੰ ਯਮ ਦੀਪਦਾਨ ਦੀ ਪਰੰਪਰਾ ਵੀ ਨਿਭਾਈ ਜਾਂਦੀ ਹੈ। ਮਾਨਤਾ ਅਨੁਸਾਰ ਘਰ ਦੇ ਬਾਹਰ ਦੱਖਣ ਦਿਸ਼ਾ ਵੱਲ ਦੀਵਾ ਜਗਾ ਕੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਜਾਂਦੀ ਹੈ।
ਦੀਵਾਲੀ ਦਾ ਅਸਲ ਸੰਦੇਸ਼ ਸਿਰਫ਼ ਘਰ ਨੂੰ ਰੌਸ਼ਨ ਕਰਨਾ ਨਹੀਂ, ਸਗੋਂ ਆਪਣੇ ਵਿਚਾਰਾਂ ਤੇ ਵਿਹਾਰ ਵਿੱਚ ਵੀ ਚਾਨਣ ਲਿਆਉਣਾ ਹੈ। ਇਹ ਤਿਉਹਾਰ ਸਾਨੂੰ ਪਰਿਵਾਰ ਨਾਲ ਸਮਾਂ ਬਿਤਾਉਣ, ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ, ਲੋੜਵੰਦਾਂ ਦੀ ਸਹਾਇਤਾ ਕਰਨ ਤੇ ਜੀਵਨ ਵਿੱਚ ਸਕਾਰਾਤਮਕਤਾ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ। ਇਸ ਲਈ ਇਸ ਦੀਵਾਲੀ ’ਤੇ ਪੂਜਾ-ਵਿਧੀ ਤੇ ਸ਼ੁਭ ਮੁਹੂਰਤ ਦੇ ਨਾਲ-ਨਾਲ ਤਿਉਹਾਰ ਦੇ ਮੂਲ ਭਾਵ ਨੂੰ ਵੀ ਸਮਝਣਾ ਚਾਹੀਦਾ ਹੈ।