ਜੀਡੀਆਰ ਨੇ ਮਨਾਇਆ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਜੀ.ਡੀ.ਆਰ. ਸਕੂਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ ਅਤੇ ਵਿਸ਼ਵਕਰਮਾ ਦਿਵਸ
Publish Date: Sat, 07 Nov 2026 07:16 PM (IST)
Updated Date: Sat, 07 Nov 2026 07:17 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਦੇ ਵਿਹੜੇ ਵਿੱਚ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦਾ ਤਿਉਹਾਰ ਮੈਰੀਗੋਲਡ ਹਾਊਸ ਵੱਲੋਂ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦਾ ਮੰਚ ਸੰਚਾਲਨ ਟਿਊਨਿਸ਼ ਵੱਲੋਂ ਕੀਤਾ ਗਿਆ। ਇਸ ਮੌਕੇ ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮਾਧਵੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮਾਧਵੀ ਜੀ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਇਸ ਉਪਰੰਤ ਮਾਂ ਸਰਸਵਤੀ ਦੀ ਵੰਦਨਾ ਕੀਤੀ ਗਈ। ਇਸ ਮੌਕੇ ਸੱਤਵੀਂ ਜਮਾਤ ਦੇ ਤਨਿਸ਼ ਤੇ ਛੇਵੀਂ ਜਮਾਤ ਦੇ ਸੁਕੀਰਤ ਨੇ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਸਕੂਲ ਦੇ ਅਧਿਆਪਕ ਮਨਜੀਤ ਸਿੰਘ ਨੇ ਵਿਦfਆਰਥੀਆਂ ਨੂੰ ਬੰਦੀ ਛੋੜ ਦਿਵਸ ਦੇ ਇਤਿਹਾਸ ਤੇ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਸਮਾਗਮ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨਾਲ ਸਬੰਧਤ ਮਨਮੋਹਕ ਝਾਕੀਆਂ ਰਹੀਆਂ। ਬੱਚਿਆਂ ਨੇ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ, ਮਾਤਾ ਸੀਤਾ, ਲਛਮਣ ਜੀ ਤੇ ਸੰਕਟਮੋਚਨ ਹਨੂੰਮਾਨ ਜੀ ਦੇ ਰੂਪ ਧਾਰਨ ਕਰਕੇ ਉਨ੍ਹਾਂ ਦੇ ਆਦਰਸ਼ ਜੀਵਨ ਤੇ ਅਯੁੱਧਿਆ ਵਾਪਸੀ ਦੇ ਦ੍ਰਿਸ਼ਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ। ਕਿਡੀਜ਼ ਵਰਲਡ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵੀ ਦੀਵਾਲੀ ਦਾ ਤਿਉਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ। ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਲਈ ਮੋਮਬੱਤੀ ਤੇ ਦੀਵਾ ਡਰਾਇੰਗ ਤੇ ਸਜਾਵਟ ਸੰਬੰਧੀ ਗਤੀਵਿਧੀ ਕਾਰਵਾਈ ਗਈ। ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਦੀਵਾਲੀ ਦੇ ਗ੍ਰੀਟਿੰਗ ਕਾਰਡ ਤਿਆਰ ਕੀਤੇ, ਜਦਕਿ ਚੌਥੀ ਜਮਾਤ ਦੇ ਬੱਚਿਆਂ ਨੇ ਸੁੰਦਰ ਬੁੱਕਮਾਰਕ ਡਿਜ਼ਾਈਨ ਕੀਤੇ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗਦਾਰ ਕਾਗਜ਼ਾਂ ਨਾਲ ਪੇਪਰ ਲਾਲਟੈਨ ਤੇ ਤੋਰਨ ਬਣਾਏ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਗ੍ਰੀਨ ਦੀਵਾਲੀ ਵਿਸ਼ੇ ਉੱਤੇ ਸਲੋਗਨ ਲਿਖੇ। ਸਮੁੱਚੇ ਸਮਾਗਮ ਦੌਰਾਨ ਪ੍ਰਦੂਸ਼ਣ ਰਹਿਤ ਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਵਿਸ਼ੇਸ਼ ਸੁਨੇਹਾ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਮਾਧਵੀ ਜੀ ਨੇ ਵਿਦਿਆਰਥੀਆਂ ਦੀ ਕਲਾ, ਮਿਹਨਤ ਤੇ ਟੀਮ ਵਰਕ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਜੀ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਸਟਾਫ਼ ਨੂੰ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ।